ਅੰਮਿ੍ਤਸਰ, 5 ਜੂਨ (ਸੁਰਿੰਦਰ ਕੋਛੜ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਾਕਿਸਤਾਨ ਅਤੇ ਚੀਨ ਦੇ ਸੰਬੰਧਾਂ ਬਾਰੇ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਪਾਕਿ ਨੂੰ ਪੂਰੀ ਤਰ੍ਹਾਂ ਚੀਨ ਦੇ ਕੰਟਰੋਲ ਹੇਠ ਦੱਸਣਾ ਸਹੀ ਨਹੀਂ ਹੋਵੇਗਾ | ਉਨ੍ਹਾਂ ਭਾਰਤ-ਚੀਨ ਸਰਹੱਦੀ ਵਿਵਾਦ 'ਚ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਦੱਖਣੀ ਏਸ਼ੀਆ ਦੀ ਗੁੰਝਲਦਾਰ ਭੂ-ਰਾਜਨੀਤੀ ਅਤੇ ਚੀਨ-ਪਾਕਿ ਸਬੰਧਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ਰੂਸ ਖੇਤਰ 'ਚ ਸਾਰੀਆਂ ਸੰਵੇਦਨਸ਼ੀਲਤਾਵਾਂ ਅਤੇ ਚੁਣੌਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ | ਹਾਲਾਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿ ਨੂੰ ਸਿਰਫ਼ ਚੀਨ ਦੇ ਪ੍ਰਭਾਵ ਦੇ ਖੇਤਰ ਵਜੋਂ ਦੇਖਣਾ ਅਸਲ ਸਥਿਤੀ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦਾ | ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਾਕਿ ਇਕ ਅਜਿਹਾ ਦੇਸ਼ ਹੈ ਜੋ ਪੂਰੀ ਤਰ੍ਹਾਂ ਚੀਨ ਦੇ ਕੰਟਰੋਲ ਹੇਠ ਹੈ |