ਬਰਨਾਲਾ, 6 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਭਾਰਤੀ ਜਨਤਾ ਪਾਰਟੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ | ਪਾਰਟੀ ਵਲੋਂ ਬਾਬਾ ਸਾਹਿਬ ਦੇ ਜੀਵਨ ਨਾਲ ਜੁੜੇ ਪੰਜ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ 'ਪੰਚਤੀਰਥ ਯਾਤਰਾ' ਸ਼ੁਰੂ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਾਸੀਆਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੂਰੇ ਦੇਸ਼ ਵਿਚੋਂ ਇਸ ਯਾਤਰਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੋਂ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਅਤੇ ਯਾਤਰਾ ਦੇ ਕਨਵੀਨਰ ਐਸ.ਆਰ. ਲੱਧੜ ਨੇ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਯਾਤਰਾ ਪੰਜਾਬ ਵਿਚੋਂ 14 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ ਅਤੇ ਯਾਤਰਾ ਲਈ ਤਿੰਨ ਪ੍ਰਮੁੱਖ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਰਾਜਪੁਰਾ ਤੋਂ ਤਿੰਨ ਵੋਲਵੋ ਬੱਸਾਂ ਰਵਾਨਾ ਹੋਣਗੀਆਂ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਪੰਜਾਬ ਤੋਂ 150 ਵਿਅਕਤੀਆਂ ਨੂੰ ਇਹ ਪਵਿੱਤਰ ਯਾਤਰਾ ਕਰਵਾਈ ਜਾਵੇਗੀ | ਸ੍ਰੀ ਲੱਧੜ ਨੇ ਦੱਸਿਆ ਕਿ ਇਸ ਪੰਚਤੀਰਥ ਯਾਤਰਾ ਵਿਚ ਬਾਬਾ ਸਾਹਿਬ ਦੀ ਜਨਮ ਭੂਮੀ ਮਹੂ (ਮੱਧ ਪ੍ਰਦੇਸ਼), ਦੀਕਸ਼ਾ ਭੂਮੀ ਨਾਗਪੁਰ (ਮਹਾਰਾਸ਼ਟਰ) ਮਹਾਪਰਿਨਿਰਵਾਨ ਸਥਾਨ (ਦਿੱਲੀ) ਅਤੇ ਚੈਤਿਆ ਭੂਮੀ ਮੁੰਬਈ (ਮਹਾਰਾਸ਼ਟਰ) ਵਿਚ ਦਰਸ਼ਨ ਕਰਵਾਏ ਜਾਣਗੇ | ਇਸ ਤੋਂ ਇਲਾਵਾ ਪੰਜਵੇਂ ਤੀਰਥ ਸਕਾਨ ਸਿੱਖਿਆ ਭੂਮੀ (ਲੰਡਨ, ਯੂ.ਕੇ.) ਦਾ ਘਰ ਜਿੱਥੇ ਉਹ ਪੜ੍ਹਾਈ ਦੌਰਾਨ ਰਹਿੰਦੇ ਸਨ ਦੇ ਯਾਤਰੀਆਂ ਨੂੰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਿੱਲੀ ਵਿਖੇ ਵਰਚੂਅਲ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਐਸ.ਸੀ. ਮੋਰਚਾ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਭਾਰੀ ਮਨੋਜ ਚੰਦੇਲ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਮਹਿਰਾਜ, ਮੀਤ ਪ੍ਰਧਾਨ ਸੰਜੀਵ ਅਟਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ, ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਜੱਗਾ ਸਿੰਘ ਮਾਨ, ਬਸੰਤ ਸਿੰਘ ਉਗੋਕੇ ਆਦਿ ਆਗੂ ਵੀ ਹਾਜ਼ਰ ਸਨ |
ਭਾਜਪਾ ਵਲੋਂ ਡਾ.ਬੀ.ਆਰ. ਅੰਬੇਡਕਰ ਨੂੰ ਸਮਰਪਿਤ ਸ਼ੁਰੂ ਕੀਤੀ ਜਾ ਰਹੀ ਹੈ 'ਪੰਚਤੀਰਥ ਯਾਤਰਾ'-ਐਸ.ਆਰ. ਲੱਧੜ
ਅਜੀਤ ਡੈਸਕ
07-06-2026