2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਤਨਖ਼ਾਹ ਲਗਾਏ ਜਾਣ ਸਮੇਂ ਸੁਖਬੀਰ ਸਿੰਘ ਬਾਦਲ ਨੇ ਗੋਲੀ ਕਾਂਡ ਸੰਬੰਧੀ ਲੱਗਾ ਦੋਸ਼ ਕੀਤਾ ਸੀ ਕਬੂਲ
ਅੰਮਿ੍ਤਸਰ, 11 ਜੂਨ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਅਕਾਲੀ ਸਰਕਾਰ ਦੌਰਾਨ ਜ਼ਿਲ੍ਹਾ ਫਰੀਦਕੋਟ ਦੇ ਬਹਿਬਲ ਕਲਾਂ ਵਿਚ ਵਾਪਰੇ ਗੋਲੀ ਕਾਂਡ ਸੰਬੰਧੀ ਬਿਆਨ ਦਰਜ ਕਰਨ ਲਈ ਸਰਕਾਰ ਵਲੋਂ ਗਠਿਤ ਵਿਸ਼ੇਸ਼ 'ਸਿੱਟ' ਦੀ ਉੱਚ ਪੱਧਰੀ ਟੀਮ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ | ਜਾਣਕਾਰੀ ਅਨੁਸਾਰ 'ਸਿੱਟ' ਟੀਮ ਦੀ ਅਗਵਾਈ ਡੀ. ਆਈ. ਜੀ. ਰੈਂਕ ਦੇ ਉੱਚ ਅਧਿਕਾਰੀ ਕਰ ਰਹੇ ਸਨ | ਜਾਣਕਾਰੀ ਅਨੁਸਾਰ ਸਿੱਟ ਦੀ ਟੀਮ ਨੇ ਗਿਆਨੀ ਰਘਬੀਰ ਸਿੰਘ ਦੇ ਸਥਾਨਕ ਗ੍ਰਹਿ ਵਿਖੇ ਪੁੱਜ ਕੇ ਕਰੀਬ ਇਕ ਘੰਟਾ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ | 'ਸਿੱਟ' ਵਲੋਂ ਉਕਤ ਗੋਲੀ ਕਾਂਡ ਸੰਬੰਧੀ ਬਿਆਨ ਦਰਜ ਕਰਨ ਲਈ ਆਉਣ ਸੰਬੰਧੀ ਪੁਸ਼ਟੀ ਕਰਦਿਆਂ ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 'ਸਿੱਟ' ਵਲੋਂ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ 'ਤੇ ਗੋਲੀ ਚਲਾਏ ਜਾਣ ਦੀ ਵਾਪਰੀ ਘਟਨਾ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੇ ਸੰਦਰਭ ਵਿਚ ਬਿਆਨ ਦਰਜ ਕੀਤੇ ਹਨ | ਉਨ੍ਹਾਂ ਦੱਸਿਆ ਕਿ ਉਹ ਬਿਆਨ ਦਰਜ ਕਰਾਉਣ ਨਹੀਂ ਗਏ, ਬਲਕਿ ਸਿੱਟ ਦੀ ਟੀਮ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ ਸੀ | ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਦੋਂ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੋਈਆਂ/ਕੀਤੀਆਂ ਭੁੱਲਾਂ, ਗਲਤੀਆਂ ਲਈ ਅਕਾਲ ਤਖ਼ਤ ਸਾਹਿਬ ਵਿਖੇ ਜਦੋਂ ਤਲਬ ਕੀਤਾ ਗਿਆ ਸੀ, ਤਾਂ ਉਸ ਵੇਲੇ ਸਿੰਘ ਸਾਹਿਬਾਨ ਤੇ ਸੰਗਤਾਂ ਦੇ ਸਾਹਮਣੇ ਜਿੱਥੇ ਉਨ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਹੋਰਨਾਂ ਭੁੱਲਾਂ ਨੂੰ ਕਬੂਲ ਕੀਤਾ ਸੀ, ਉਥੇ ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਲੱਗੇ ਦੋਸ਼ ਨੂੰ ਵੀ ਹਾਂ ਵਿਚ ਸਵੀਕਾਰ ਕੀਤਾ ਸੀ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵੀਡੀਓ ਰਿਕਾਰਡਿੰਗ ਵੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੌਜੂਦ ਹੈ | ਜ਼ਿਕਰਯੋਗ ਹੈ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਜਿਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਕੁਝ ਪਹਿਲਾਂ ਹੀ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਸੀ, 2 ਦਸੰਬਰ 2024 ਨੂੰ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਉਨ੍ਹਾਂ ਦੀ ਵਜ਼ਾਰਤ ਵਿਚ ਰਹੇ ਅਕਾਲੀ ਮੰਤਰੀਆਂ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪੱ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਅਤੇ ਦੋਸ਼ੀ ਅਕਾਲੀ ਆਗੂੁਆਂ ਨੂੰ ਧਾਰਮਿਕ ਤਨਖ਼ਾਹ ਲਗਾਉਣ ਵਾਲੇ ਹੋਰਨਾਂ ਪੰਜ ਸਿੰਘ ਸਾਹਿਬਾਨ ਵਿਚ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਗੁਰਮਿੰਦਰ ਸਿੰਘ ਅਤੇ ਗਿਆਨੀ ਬਲਜੀਤ ਸਿੰਘ ਸ਼ਾਮਿਲ ਸਨ | ਇਹ ਵੀ ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਸਨ | ਸਮਝਿਆ ਜਾਂਦਾ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਕਮਨਾਮਾ ਜਾਰੀ ਕਰਨ ਵਾਲੇ ਬਾਕੀ ਸਿੰਘ ਸਾਹਿਬਾਨ ਦੇ ਵੀ ਆਉਂਦੇ ਦਿਨਾਂ ਵਿਚ ਬਿਆਨ ਦਰਜ ਕੀਤੇ ਜਾ ਸਕਦੇ ਹਨ |
ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ 'ਸਿੱਟ' ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਕੀਤੇ ਦਰਜ <br/>
ਅਜੀਤ ਡੈਸਕ
12-06-2026