ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ)-ਅੱਜ ਬਾਅਦ ਦੁਪਹਿਰ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਪਿਤਾ ਅਤੇ ਦੋ ਧੀਆਂ ਦੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖ਼ਮੀ ਹੋ ਗਈ | ਇਹ ਹਾਦਸਾ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਨਾਨਕਸਰ ਬਸਤੀ ਨਜ਼ਦੀਕ ਵਾਪਰਿਆ | ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਮੋਟਰਸਾਈਕਲ 'ਤੇ ਸਵਾਰ ਪਰਿਵਾਰ ਦਾ ਮੁਖੀ ਤੇ ਦੋ ਬੇਟੀਆਂ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਕਿ ਮਿ੍ਤਕ ਦੀ ਪਤਨੀ ਤੇ ਇਕ ਬੇਟਾ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਲੋਕਾਂ ਦੀ ਸਹਾਇਤਾ ਨਾਲ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਪੁਲਿਸ ਨੇ ਇਸ ਸਬੰਧ ਵਿਚ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਹ ਪਰਿਵਾਰ ਬੀੜ ਚਹਿਲ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀੜ ਚਹਿਲ ਨਿਵਾਸੀ 32 ਸਾਲਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਮੇਜਰ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ (30 ਸਾਲ) ਤੇ ਦੋ ਮਾਸੂਮ ਬੇਟੀਆਂ (ਗੁਰਲੀਨ ਕੌਰ 10 ਸਾਲ ਤੇ ਰਸ਼ਲਪ੍ਰੀਤ ਕੌਰ 4 ਸਾਲ) ਤੇ ਇਕ ਬੇਟਾ (ਸ਼ਿਵਜੋਤ ਸਿੰਘ 5 ਸਾਲ) ਨਾਲ ਮੋਟਰਸਾਈਕਲ 'ਤੇ ਪਿੰਡ ਮੱਲੇਵਾਲਾ ਵਿਖੇ ਦਵਾਈ ਲੈਣ ਗਿਆ ਸੀ | ਵਾਪਸ ਆਉਣ ਸਮੇਂ ਨਾਨਕਸਰ ਬਸਤੀ ਨਜ਼ਦੀਕ ਫ਼ਰੀਦਕੋਟ ਵਾਲੇ ਪਾਸਿਓਾ ਆ ਰਹੀ ਸਵਿਫ਼ਟ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ | ਇਸ ਦੌਰਾਨ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਮੌਕੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਨ੍ਹਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ | ਜਤਿੰਦਰ ਸਿੰਘ, ਦੋ ਮਾਸੂਮ ਬੇਟੀਆਂ ਗੁਰਲੀਨ ਕੌਰ ਤੇ ਰਸ਼ਲਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਗਈ ਸੀ | ਜਤਿੰਦਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਅਵਤਾਰ ਸਿੰਘ ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਵਕੀਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ | ਹਰਪ੍ਰੀਤ ਕੌਰ ਤੇ ਬੇਟਾ ਸ਼ਿਵਜੋਤ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਇਲਾਜ ਅਧੀਨ ਹਨ |
ਫ਼ਰੀਦਕੋਟ 'ਚ ਵਾਪਰੇ ਸੜਕ ਹਾਦਸੇ 'ਚ ਪਿਤਾ ਤੇ ਦੋ ਧੀਆਂ ਦੀ ਦਰਦਨਾਕ ਮੌਤ ਪਤਨੀ ਗੰਭੀਰ ਜ਼ਖ਼ਮੀ <br/>
ਅਜੀਤ ਡੈਸਕ
12-06-2026