ਚੰਡੀਗੜ੍ਹ, 19 ਜੂਨ (ਪ੍ਰੋ. ਅਵਤਾਰ ਸਿੰਘ) � ਸ਼੍ਰੋਮਣੀ ਅਕਾਲੀ ਦਲ (ਬ) ਵਰਕਿੰਗ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਅੱਜ ਇੱਥੇ ਪਾਰਟੀ ਮੁੱਖ ਦਫ਼ਤਰ ਵਿਖੇ ਹੋਈਆਂ ਮੀਟਿੰਗਾਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ‘ਧਰਮ ਯੁੱਧ ਮੋਰਚੇ’ ਦੇ ਕੀਤੇ ਗਏ ਐਲਾਨ ਅਤੇ ਤਾਜ਼ਾ ਸਥਿਤੀ ‘ਤੇ ਲੰਮਾ ਸਮਾਂ ਵਿਚਾਰ ਵਟਾਂਦਰਾ ਕੀਤਾ। ਸੁਖਬੀਰ ਦੀ ਪ੍ਰਧਾਨਗੀ ਵਿਚ ਹੋਈਆਂ ਇਨ੍ਹਾਂ ਮੀਟਿੰਗਾਂ ਵਿਚ ਇਕ ਮਤਾ ਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਨੂੰ ਮੁੜ ਦੁਹਰਾਇਆ ਗਿਆ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਵੀ ਹੋਏ। ਮੀਟਿੰਗਾਂ ਵਿਚ ਅਕਾਲੀ ਕਾਡਰਾਂ ਨੂੰ ਧਰਮ ਯੁੱਧ ਮੋਰਚੇ ਲਈ ਤਿਆਰ ਕਰਨ ਲਈ ਸੱਦਾ ਦਿੱਤੇ ਗਿਆ ਅਤੇ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਕਰੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਅਮਰੀਕਾ ਦੇ ਦੌਰੇ ਤੋਂ ਅੱਜ ਰਾਤ ਪਰਤਨ ਵਾਲੇ ਹਨ, ਅੱਜ ਦੀ ਮੀਟਿੰਗ ਵਿਚ ਹਾਜ਼ਰ ਨਹੀਂ ਸਨ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 20 ਜੂਨ ਨੂੰ ਅੰਮ੍ਰਿਤਸਰ ਵਿਖੇ ਮੀਟਿੰਗ ਹੋ ਰਹੀ ਹੈ ਜਿਸ ਵਿਚ ਪੈਦਾ ਹੋਈ ਸਥਿਤੀ ‘ਤੇ ਵਿਚਾਰ ਕੀਤਾ ਜਾਣਾ ਹੈ। ਮੀਟਿੰਗਾਂ ਵਿਚ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਐਨ.ਕੇ. ਸ਼ਰਮਾ, ਪਰਮਬੰਸ ਸਿੰਘ ਬੰਟੀ ਰੁਮਾਣਾ, ਗੁਰਬਚਨ ਸਿੰਘ ਬੱਬੇਹਾਲੀ, ਅਰਸ਼ਦੀਪ ਸਿੰਘ ਕਲੇਰ, ਦਲਜੀਤ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਅਜਮੇਰ ਸਿੰਘ ਖੇੜਾ, ਸੁਰਜੀਤ ਸਿੰਘ ਭਿੱਟੇਵਿੰਡ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਸਰੂ, ਸੁਰਜੀਤ ਸਿੰਘ ਪਹਿਲਵਾਨ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਵਰਕਿੰਗ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ।