ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਕਰਨੈਲ ਸਿੰਘ)-ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਠਿਤ 5 ਮੈਂਬਰੀ ਕਮੇਟੀ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਭਰਵੀਂ ਇਕੱਤਰਤਾ ਕੀਤੀ । ਇਸ ਤੋਂ ਪਹਿਲਾਂ ਉਕਤ ਕਮੇਟੀ ਵਲੋਂ ਇਸ ਮੌਕੇ ਹਾਜ਼ਰ ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਾਲੀ ਇਸ ਕਮੇਟੀ ‘ਚ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨਾਲ ਇਸ ਮੀਟਿੰਗ ‘ਚ ਰਾਬਤਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਕਥਿਤ ਬੱਜਰ ਗ਼ਲਤੀ ਮੰਨਣ ਦੀ ਬਜਾਏ ਹੰਕਾਰੀ ਹੋ ਗਿਆ ਹੈ । ਮੀਟਿੰਗ ‘ਚ ਹਾਜ਼ਰ ਬਾਬਾ ਸੁਰਜਨ ਸਿੰਘ, ਕਾਰ ਸੇਵਾ ਵਾਲੇ ਬਾਬਾ ਜਰਨੈਲ ਸਿੰਘ, ਬਾਬਾ ਗੁਰਚਰਨ ਸਿੰਘ ਬੇਈਹਾਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਲੱਖੇਵਾਲ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਲਈ ਕੋਝੇ ਹੱਥਕੰਡੇ ਅਪਣਾਅ ਰਿਹਾ ਹੈ । ਉਨ੍ਹਾਂ ਮੀਟਿੰਗ ‘ਚ ਹਾਜ਼ਰ ਸਮੂਹ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਬਰਕਰਾਰ ਰੱਖਣ ਲਈ ਉਹ ਆਪਣੇ ਆਪਣੇ ਖੇਤਰ ‘ਚ ਸੰਗਤਾਂ ਨੂੰ ਜਾਗਰੂਕ ਕਰਨ । ਇਕੱਤਰਤਾ ‘ਚ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਫੋਰਮੈਨ ਮਹਿੰਦਰ ਸਿੰਘ ਤੇ ਬਲਵੀਰ ਸਿੰਘ, ਗੁਰਦੁਆਰਾ ਤਪ ਅਸਥਾਨ ਭਾਈ ਜੈਤਾ ਜੀ ਬਾਬਾ ਤੀਰਥ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਮਲਕੀਤ ਸਿੰਘ ਕਲਮਾਂ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਬਾ ਜਰਨੈਲ ਸਿੰਘ, ਜਥੇਦਾਰ ਮੋਹਣ ਸਿੰਘ ਢਾਹੇ, ਪਰਮਜੀਤ ਸਿੰਘ ਮਾਕੜ ਰੂਪਨਗਰ, ਬੀਬੀ ਕੁਲਵਿੰਦਰ ਕੌਰ, ਬੀਬੀ ਤਾਰਾ ਦੇਵੀ ਨੰਗਲ, ਭਾਈ ਜਸਵੀਰ ਸਿੰਘ ਖ਼ਾਲਸਾ ਰਣਜੀਤ ਸਿੰਘ ਢੇਰ, ਕਰਮ ਸਿੰਘ ਮੈਨੇਜਰ, ਜਥੇਦਾਰ ਰਾਮ ਸਿੰਘ, ਦਵਿੰਦਰ ਸਿੰਘ ਰਾਣਾ, ਪ੍ਰਿੰ: ਡਾ. ਜਸਵੀਰ ਸਿੰਘ, ਪ੍ਰੋ: ਪਰਮਜੀਤ ਕੌਰ, ਤਜਿੰਦਰ ਸਿੰਘ, ਯੂਥ ਅਕਾਲੀ ਦੇ ਆਦੇਸ਼ ਪ੍ਰਤਾਪ ਸਿੰਘ ਰਾਣਾ, ਜਰਨੈਲ ਸਿੰਘ ਗੂੰਬਰ, ਜਥੇਦਾਰ ਮੋਹਣ ਸਿੰਘ ਡੂਮੇਵਾਲ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਪ੍ਰਮੁੱਖ ਨੁਮਾਇੰਦਿਆਂ ਨਾਲ ਕੀਤੀ ਪਹਿਲੀ ਮੀਟਿੰਗ
ਅਜੀਤ ਡੈਸਕ
21-06-2026