24,453 ਬੀ.ਐਲ.ਓਜ਼. ਨੇ ਘਰ-ਘਰ ਜਾ ਕੇ ਫਾਰਮ ਵੰਡੇ
ਚੰਡੀਗੜ੍ਹ, 25 ਜੂਨ (ਅਜੀਤ ਬਿਊਰੋ)- ਸੂਬੇ ਭਰ ਵਿਚ ਵਿਸ਼ੇਸ਼ ਸੁਧਾਈ ਪ੍ਰਕਿਰਿਆ (ਐਸ.ਆਈ.ਆਰ.) 2026 ਅਧੀਨ ਅੱਜ 24,453 ਬੀ.ਐਲ.ਓਜ਼. ਨੇ ਘਰੋ-ਘਰੀ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ, 2026 ਤੱਕ ਜਾਰੀ ਰਹੇਗਾ, ਜਿਸ ਤਹਿਤ ਪੰਜਾਬ ਭਰ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਘਰ-ਘਰ ਗਣਨਾ ਦੇ ਪਹਿਲੇ ਦਿਨ ਸੂਬੇ ਦੇ ਲੋਕਾਂ ਲਈ ਬਾਖ਼ੂਬ ਉਦਾਹਰਣ ਪੇਸ਼ ਕਰਦਿਆਂ ਅਨਿੰਦਿਤਾ ਮਿਤਰਾ ਮੁੱਖ ਚੋਣ ਅਫ਼ਸਰ, ਪੰਜਾਬ ਨੇ ਆਪਣੇ ਪਰਿਵਾਰ ਸਮੇਤ ਆਪਣਾ ਗਣਨਾ ਫਾਰਮ ਭਰਿਆ ਅਤੇ ਦਰੁਸਤ, ਸਮਾਵੇਸ਼ੀ ਤੇ ਸੋਧੀ ਹੋਈ ਵੋਟਰ ਸੂਚੀ ਤਿਆਰ ਕਰਨ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਣਨਾ ਫਾਰਮ ਵੰਡਣ ਅਤੇ ਭਰਨ ਵਿਚ ਸਹਾਇਤਾ ਕਰਨ ਲਈ ਆਪਣੇ ਘਰਾਂ ਦਾ ਦੌਰਾ ਕਰਨ ਵਾਲੇ ਬੀ.ਐਲ.ਓਜ਼. ਨਾਲ ਸਹਿਯੋਗ ਕਰਨ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਇੱਕ ਤਾਜ਼ਾ ਰੰਗਦਾਰ ਫੋਟੋ ਤਿਆਰ ਰੱਖਣ, ਫਾਰਮ ਭਰ ਕੇ, ਇਸ ‘ਤੇ ਦਸਤਖਤ ਕਰਨ ਅਤੇ ਬੀਐਲਓਜ਼ ਨੂੰ ਸੌਂਪਣ ਅਤੇ ਐਸ.ਆਈ.ਆਰ. ਪ੍ਰਕਿਰਿਆ ਪੂਰੀ ਹੋਣ ਤੱਕ ਦੂਜੀ ਕਾਪੀ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਜਾਵੇ। ਸੀ.ਈ.ਓ. ਨੇ ਵੋਟਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕੋਈ ਘਰ ਬੰਦ ਪਾਇਆ ਜਾਂਦਾ ਹੈ ਤਾਂ ਬੀਐਲਓ ਫਾਰਮ ਨੂੰ ਦਰਵਾਜ਼ੇ ਦੇ ਹੇਠੋਂ ਅੰਦਰ ਪਹੁੰਚਾ ਦੇਵੇਗਾ ਅਤੇ ਸਬੰਧਤ ਘਰ ਦੇ ਅਗਲੇ ਦੌਰੇ ਦੀ ਮਿਤੀ ਬਾਰੇ ਕੰਧ ‘ਤੇ ਸਟਿੱਕਰ ਚਿਪਕਾ ਦਿੱਤਾ ਜਾਵੇਗਾ। ਬੀਐਲਓ ਫਾਰਮ ਇਕੱਠੇ ਕਰਨ ਲਈ ਤਿੰਨ ਵਾਰ ਘਰੋ-ਘਰੀ ਜਾਣਗੇ।
ਐਸ.ਆਈ.ਆਰ.-2026 ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ
ਅਜੀਤ ਡੈਸਕ
26-06-2026