ਚੰਡੀਗੜ੍ਹ, 25 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਤੋਂ ਹੋਰ ਵੱਖ ਵੱਖ ਵਿਭਾਗਾਂ ਅਤੇ ਦਫ਼ਤਰਾਂ ਵਿਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਤੁਰੰਤ ਜਾਣਕਾਰੀ ਮੰਗੀ ਹੈ। ਇਸ ਸੰਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸਕੂਲ ਮੁਖੀਆਂ ਨੂੰ ਵੀਰਵਾਰ ਤੱਕ ਮੁਕੰਮਲ ਜਾਣਕਾਰੀ ਦੇਣ ਦੇ ਆਦੇਸ਼ ਜਾਰੀ ਕੀਤੇ ਸਨ। ਦੱਸਣਯੋਗ ਹੈ ਕਿ ‘ਅਜੀਤ ’ ਵਲੋਂ ਇਕ ਵਿਸ਼ੇਸ਼ ਰਿਪੋਰਟ ‘ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਸਰਵੇਖਣਾਂ ਤੇ ਸਕੀਮਾਂ ਦਾ ਕੰਮ ਸਿੱਖਿਆ ਵਿਭਾਗ ਦੇ ਮੋਢਿਆਂ ’ਤੇ ਸਿਰਲੇਖ ਹੇਠ ਛਾਪੀ ਗਈ ਸੀ, ਜਿਸ ਵਿਚ ਅਧਿਆਪਕਾਂ, ਕਲਰਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਗੈਰ ਵਿਦਿਅਕ ਕੰਮਾਂ ਵਿਚ ਲੱਗੀਆਂ ਡਿਊਟੀਆਂ ਦਾ ਮੁੱਦਾ ਪੇਸ਼ ਕੀਤਾ ਗਿਆ ਸੀ। ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈਡ ਮਾਸਟਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੰਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ, ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਅਤੇ ਉਪ ਮੰਡਲ ਅਧਿਕਾਰੀ ਦੇ ਦਫ਼ਤਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਜਾਣਕਾਰੀ 25 ਜੂਨ ਤੱਕ ਪਹਿਲ ਦੇ ਆਧਾਰ ’ਤੇ ਮੁਹਈਆ ਕਰਾਈ ਜਾਵੇ। ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਆਗੂ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਭਾਵੇਂ ਕਿ ਸਕੂਲਾਂ ਵਿਚ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹਨ, ਪਰ 1 ਜੁਲਾਈ ਤੋਂ ਸਕੂਲਾਂ ਵਿਚ ਪੜ੍ਹਾਈ ਸ਼ੁਰੂ ਹੋ ਜਾਣੀ ਹੈ। ਸਕੂਲਾਂ ਦੇ ਅਧਿਆਪਕ, ਕਲਰਕ ਅਤੇ ਹੋੋਰ ਮੁਲਾਜ਼ਮ ਐਸ.ਆਈ.ਆਰ ਦੇ ਕੰਮ ਲਈ ਲੋਕਾਂ ਦੇ ਘਰ ਘਰ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਅਧਿਆਪਕਾਂ ਨੂੰ ਸਕੂਲਾਂ ਵਿਚ ਭੇਜੇ ਤਾਂ ਜੋ ਵਿਦਿਆਰਥੀਆਂ ਦਾ ਵਿਦਿਅਕ ਪੱਖੋਂ ਨੁਕਸਾਨ ਨਾ ਹੋਵੇ।
ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲ ਮੁੱਖੀਆਂ ਤੋਂ ਹੋਰਨਾਂ ਵਿਭਾਗਾਂ ਤੇ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮੰਗੀ ਰਿਪੋਰਟ
ਅਜੀਤ ਡੈਸਕ
26-06-2026