ਮੁੱਖ ਸਾਜਿਸ਼ਘਾੜੇ ਦੀ ਗ੍ਰਿਫ਼ਤਾਰੀ ਬਾਕੀ, ਪਾਕਿਸਤਾਨੀ ਸਹਿਜਾਦ ਭੱਟੀ ਵੀ ਨਾਮਜ਼ਦ
ਬਠਿੰਡਾ, 25 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਜਪਾ ਆਗੂ ਅਤੇ ਡਾ. ਤਰਸੇਮ ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰਬ ਸੁੱਟਣ ਮਾਮਲੇ ’ਚ ਬਠਿੰਡਾ ਪੁਲਿਸ ਨੇ 2 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ । ਦੋਵਾਂ ਨੇ 3-3 ਹਜ਼ਾਰ ਰੁਪਏ ਦੇ ਲਾਲਚ ’ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਇਸ ਮਾਮਲੇ ਦੇ ਮੁੱਖ ਸਾਜਿਸ਼ਘਾੜੇ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਪੁਲਿਸ ਨੇ ਪਾਕਿਸਤਾਨ ਦੇ ਸਹਿਜਾਦ ਭੱਟੀ ਨਾਮ ਦੇ ਵਿਅਕਤੀ ਨੂੰ ਵੀ ਪਰਚੇ ’ਚ ਨਾਮਜ਼ਦ ਕਰ ਲਿਆ । ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਡਾ.ਜਯੋਤੀ ਯਾਦਵ ਦੀ ਰਹਿਨੁਮਾਈ ਹੇਠ ਐਸ.ਪੀ.(ਸਿਟੀ) ਨਰਿੰਦਰ ਸਿੰਘ ਦੀ ਅਗਵਾਈ ਵਿਚ ਸੀ.ਆਈ.ਏ ਸਟਾਫ਼-2 ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਸੀ.ਸੀ.ਟੀ.ਵੀ. ਫੁਟੇਜ, ਇੰਟੈਲੀਜੈਂਸ ਦੇ ਆਧਾਰ ’ਤੇ ਇਸ ਅਹਿਮ ਮਾਮਲੇ ਵਿਚ ਚਾਰ ਜਣਿਆਂ ਨੂੰ ਸ਼ਾਮਿਲ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਨਾਖੁਲ ਕੁਮਾਰ ਰਾਜਪੂਤ ਅਤੇ ਗੁਰਵਿੰਦਰ ਸਿੰਘ ਉਲੀ ਵਜੋਂ ਹੋਈ ਹੈ, ਜੋ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੂਹੀਆਂ ਸਰਵਰ ਦੇ ਰਹਿਣ ਵਾਲੇ ਹਨ । ਜਦਕਿ ਇਨ੍ਹਾਂ ਨੂੰ ‘ਹਾਇਰ’ ਕਰਨ ਵਾਲਾ ਮੁੱਖ ਦੋਸ਼ੀ ਸੰਦੀਪ ਸਿੰਘ ਵਾਸੀ ਖੂਹੀਆਂ ਸਰਵਰ ਅਜੇ ਫ਼ਰਾਰ ਹੈ, ਜਦਕਿ ਇਸ ਮਾਮਲੇ ਵਿਚ ਪਾਕਿਸਤਾਨ ਆਧਾਰਿਤ ਸਹਿਜਾਦ ਭੱਟੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ । ਡੀ.ਆਈ.ਜੀ. ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਬਦਲੇ ਸੰਦੀਪ ਵਲੋਂ ਉਕਤ ਦੋਵਾਂ ਨੂੰ 3-3 ਹਜ਼ਾਰ ਰੁਪਏ ਦਿੱਤੇ ਜਾਣੇ ਸਨ । ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਮੁਲਜ਼ਮਾਂ ਨੂੰ ਪੁਲਿਸ ਟੀਮ ਲੈ ਕੇ ਆ ਰਹੀ ਸੀ ਤਾਂ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ਓਵਰਬ੍ਰਿਜ ’ਤੇ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਦੋਵਾਂ ਨੇ ਪੁਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਗੁਰਵਿੰਦਰ ਦੀ ਲੱਤ ਟੁੱਟ ਗਈ ਹੈ ਅਤੇ ਨਾਖੁਲ ਦੀ ਬਾਂਹ ਟੁੱਟ ਗਈ ਹੈ । ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਪੁਲਿਸ ਨੇ ਮੁੜ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਘਟਨਾ ਬਾਅਦ ਪੀੜਤ ਡਾਕਟਰ ਦੀ ਪਤਨੀ ਨੂੰ ਸ਼ਹਿਜ਼ਾਦ ਭੱਟੀ ਵਲੋਂ ਧਮਕੀ ਭਰਿਆ ਫੋਨ ਕੀਤਾ ਗਿਆ ਸੀ ਤੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਗਈ ਸੀ, ਜਿਸ ਦੇ ਆਧਾਰ ’ਤੇ ਭੱਟੀ ਨੂੰ ਨਾਮਜ਼ਦ ਕਰਦਿਆਂ ਉਸ ਦੇ ਲਿੰਕ ਫਰੋਲੇ ਗਏ ਅਤੇ ਇਸ ਤੋਂ ਇਲਾਵਾ ਕਥਿਤ ਦੋਸ਼ੀਆਂ ਦੀ ਹਮਲੇ ਬਾਅਦ ਬਠਿੰਡਾ ਤੋਂ ਇਕ ਆਟੋ ਰਿਕਸ਼ਾ ਰਾਹੀਂ ਭੱਜਣ ਦੀ ਸੀਸੀਟੀਵੀ ਰਾਹੀਂ ਸਾਹਮਣੇ ਆਈਆਂ ਫ਼ੋਟੋਆਂ ਤੋਂ ਹੀ ਜਾਂਚ ਅੱਗੇ ਵਧੀ, ਜਿਸ ਬਾਅਦ ਕਥਿਤ ਦੋਸ਼ੀ ਦਬੋਚੇ ਗਏ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਅਦ ਵੀ ਹਮਲੇ ਦਾ ਮੁੱਖ ਮਕਸਦ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ।
ਮਾਮਲਾ ਕਲੀਨਿਕ ’ਤੇ ਹੋਏ ਪੈਟਰੋਲ ਬੰਬ ਹਮਲੇ ਦਾ-3-3 ਹਜ਼ਾਰ ਰੁਪਏ ਦੇ ਲਾਲਚ ’ਚ ਸੁੱਟਿਆ ਸੀ ਪੈਟਰੋਲ ਬੰਬ, ਦੋ ਗ੍ਰਿਫ਼ਤਾਰ
ਅਜੀਤ ਡੈਸਕ
26-06-2026