ਚੰਡੀਗੜ੍ਹ, 30 ਜੂਨ (ਸੰਦੀਪ ਕੁਮਾਰ ਮਾਹਨਾ) –ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬੁੱਧਵਾਰ ਤੋਂ ਮੁੜ ਨਿਯਮਤ ਤੌਰ ’ਤੇ ਖੁੱਲ੍ਹ ਜਾਵੇਗਾ। ਇਸ ਵੇਲੇ ਹਾਈ ਕੋਰਟ ’ਚ 4 ਲੱਖ 22 ਹਜ਼ਾਰ 951 ਮਾਮਲੇ ਲੰਬਿਤ ਹਨ। ਇਨ੍ਹਾਂ ਵਿਚੋਂ ਕਰੀਬ 30 ਫ਼ੀਸਦੀ (1 ਲੱਖ 24 ਹਜ਼ਾਰ 855) ਮਾਮਲੇ ਅਜਿਹੇ ਹਨ ਜੋ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਲਟਕੇ ਹੋਏ ਹਨ। ਹਾਲਾਂਕਿ ਜੱਜਾਂ ਦੀ ਭਾਰੀ ਕਮੀ ਦੇ ਬਾਵਜੂਦ ਇਸ ਸਾਲ ਹਾਈ ਕੋਰਟ ਨੇ ਨਵੇਂ ਦਰਜ਼ ਹੋਏ ਮਾਮਲਿਆਂ ਦੇ ਮੁਕਾਬਲੇ ਵੱਧ ਕੇਸਾਂ ਦਾ ਨਿਪਟਾਰਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕੌਮੀ ਨਿਆਂਇਕ ਡਾਟਾ ਗਰਿੱਡ (ਐਨ.ਜੇ.ਡੀ.ਜੀ.) ਦੇ ਅੰਕੜਿਆਂ ਅਨੁਸਾਰ ਹਾਈ ਕੋਰਟ ਵਿਚ 2 ਲੱਖ 56 ਹਜ਼ਾਰ 774 ਦੀਵਾਨੀ ਅਤੇ 1 ਲੱਖ 66 ਹਜ਼ਾਰ 177 ਫ਼ੌਜਦਾਰੀ ਮਾਮਲੇ ਲੰਬਿਤ ਹਨ। 85 ਮਨਜ਼ੂਰਸ਼ੁਦਾ ਅਸਾਮੀਆਂ ਦੇ ਮੁਕਾਬਲੇ ਹਾਈ ਕੋਰਟ ਇਸ ਸਮੇਂ ਸਿਰਫ਼ 55 ਜੱਜਾਂ ਨਾਲ ਕੰਮ ਕਰ ਰਿਹਾ ਹੈ। ਲੰਬਿਤ ਮਾਮਲਿਆਂ ’ਚ 74 ਹਜ਼ਾਰ 49 ਦੀਵਾਨੀ ਅਤੇ 50 ਹਜ਼ਾਰ 806 ਫ਼ੌਜਦਾਰੀ ਕੇਸ ਅਜਿਹੇ ਹਨ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲੰਬਿਤ ਹਨ। ਇਸ ਤੋਂ ਇਲਾਵਾ 1 ਲੱਖ 127 ਮਾਮਲੇ ਪੰਜ ਤੋਂ ਦਸ ਸਾਲਾਂ ਤੋਂ ਲੰਬਿਤ ਪਏ ਹਨ। ਕੁੱਲ ਲੰਬਿਤ ਮਾਮਲਿਆਂ ਵਿਚੋਂ 3 ਲੱਖ 30 ਹਜ਼ਾਰ 219, ਭਾਵ 78 ਫ਼ੀਸਦੀ ਤੋਂ ਵੱਧ ਕੇਸ ਇੱਕ ਸਾਲ ਤੋਂ ਵੱਧ ਪੁਰਾਣੇ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੱਕ ਹਾਈ ਕੋਰਟ ’ਚ 79 ਹਜ਼ਾਰ 660 ਨਵੇਂ ਕੇਸ ਦਾਇਰ ਹੋਏ, ਜਦਕਿ 81 ਹਜ਼ਾਰ 689 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਹਾਈ ਕੋਰਟ ਨੂੰ ਜਲਦ ਹੀ 10 ਨਵੇਂ ਜੱਜ ਮਿਲਣ ਦੀ ਉਮੀਦ ਹੈ ।
ਗਰਮੀਆਂ ਦੀਆਂ ਛੁੱਟੀਆਂ ਮਗਰੋਂ ਅੱਜ ਤੋਂ ਖੁੱਲ੍ਹੇਗਾ ਹਾਈ ਕੋਰਟ, 4.22 ਲੱਖ ਤੋਂ ਵੱਧ ਮਾਮਲੇ ਲੰਬਿਤ
ਅਜੀਤ ਡੈਸਕ
01-07-2026