ਜ਼ਿੰਦਗੀ ਦੀ ਜੰਗ ਹਾਰ ਗਿਆ ਕਬੱਡੀ ਦਾ ਧਾਕੜ ਖਿਡਾਰੀ ਗੁਰਜੀਤ ਤੂਤ
ਨਸ਼ਿਆਂ ਦੀ ਦਲਦਲ ਨੇ ਖੋਹ ਲਿਆ ਰੁਸਤਮ ਖਿਡਾਰੀ-ਨਮ ਅੱਖਾਂ ਨਾਲ ਸਸਕਾਰ
ਫ਼ਿਰੋਜ਼ਪੁਰ, 12 ਅਗਸਤ (ਗੁਰਿੰਦਰ ਸਿੰਘ)-ਕਰੀਬ ਦੋ ਦਹਾਕਿਆਂ ਤੱਕ ਕਬੱਡੀ ਦੇ ਮੈਦਾਨਾਂ ਵਿਚ ਆਪਣੀ ਤਾਕਤ, ਚੁਸਤੀ ਅਤੇ ਸ਼ਾਨਦਾਰ ਖੇਡ ਦਾ ਲੋਹਾ ਮਨਵਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਬੀਤੀ ਸ਼ਾਮ ਗੁਰਦੇ ਨਾਲ ਸੰਬੰਧਿਤ ਗੰਭੀਰ ਸਮੱਸਿਆਵਾਂ ਨਾਲ ਲੰਬੇ ਸਮੇਂ ਤੱਕ ਜੂਝਣ ਮਗਰੋਂ ਦਿਹਾਂਤ ਹੋ ਗਿਆ। ਕਰੀਬ 46 ਸਾਲਾ ਗੁਰਜੀਤ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਅਤੇ ਇਕ 12 ਸਾਲਾ ਬੇਟੀ ਛੱਡ ਗਿਆ।
ਫ਼ਿਰੋਜ਼ਪੁਰ, 12 ਅਗਸਤ (ਗੁਰਿੰਦਰ ਸਿੰਘ)-ਕਰੀਬ ਦੋ ਦਹਾਕਿਆਂ ਤੱਕ ਕਬੱਡੀ ਦੇ ਮੈਦਾਨਾਂ ਵਿਚ ਆਪਣੀ ਤਾਕਤ, ਚੁਸਤੀ ਅਤੇ ਸ਼ਾਨਦਾਰ ਖੇਡ ਦਾ ਲੋਹਾ ਮਨਵਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਬੀਤੀ ਸ਼ਾਮ ਗੁਰਦੇ ਨਾਲ ਸੰਬੰਧਿਤ ਗੰਭੀਰ ਸਮੱਸਿਆਵਾਂ ਨਾਲ ਲੰਬੇ ਸਮੇਂ ਤੱਕ ਜੂਝਣ ਮਗਰੋਂ ਦਿਹਾਂਤ ਹੋ ਗਿਆ। ਕਰੀਬ 46 ਸਾਲਾ ਗੁਰਜੀਤ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਅਤੇ ਇਕ 12 ਸਾਲਾ ਬੇਟੀ ਛੱਡ ਗਿਆ। ਗੁਰਜੀਤ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਕਬੱਡੀ ਜਗਤ ਅਤੇ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ। ਗੁਰਜੀਤ ਤੂਤ ਕਬੱਡੀ ਦੇ ਮੈਦਾਨ ਵਿਚ ਆਪਣੀ ਬੇਮਿਸਾਲ ਤਾਕਤ, ਫੁਰਤੀ ਅਤੇ ਸ਼ਾਨਦਾਰ ਰੱਖਿਆਤਮਕ ਖੇਡ ਲਈ ਵਿਸ਼ੇਸ਼ ਪਛਾਣ ਰੱਖਦੇ ਸਨ। ਗੁਰਜੀਤ ਨੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਕਬੱਡੀ ਮੈਦਾਨਾਂ ਵਿਚ ਅਜਿਹੇ ਜੌਹਰ ਦਿਖਾਏ ਕਿ ਉਹ ਅੰਤਰਰਾਸ਼ਟਰੀ ਸਰਕਲ ਕਬੱਡੀ ਦੇ ਪ੍ਰਮੁੱਖ ਖਿਡਾਰੀਆਂ ਵਿਚ ਸ਼ੁਮਾਰ ਹੋ ਗਿਆ। 2007 ਦੇ ਕੈਨੇਡਾ ਵਰਲਡ ਕੱਪ ਵਿਚ ਗੁਰਜੀਤ ਨੂੰ ਬੈੱਸਟ ਰੇਡਰ ਦਾ ਖ਼ਿਤਾਬ ਮਿਲਿਆ, ਜੋ ਉਨ੍ਹਾਂ ਦੇ ਸ਼ਾਨਦਾਰ ਖੇਡ ਸਫ਼ਰ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਇਕ ਸਮਾਂ ਸੀ ਜਦੋਂ ਕਬੱਡੀ ਦੇ ਮੈਦਾਨਾਂ ’ਚ ਗੁਰਜੀਤ ਤੂਤ ਦੀ ਪੂਰੀ ਤੂਤੀ ਬੋਲਦੀ ਸੀ। ਸਵਾ ਛੇ ਫੁੱਟ ਕੱਦ, ਦਰਸ਼ਨੀ ਡੀਲ-ਡੌਲ ਅਤੇ ਦਮਦਾਰ ਖੇਡ ਵਾਲਾ ਇਹ ਗੱਭਰੂ ਵਿਰੋਧੀ ਟੀਮਾਂ ਲਈ ਵੱਡੀ ਚੁਨੌਤੀ ਮੰਨਿਆ ਜਾਂਦਾ ਸੀ ਪਰ 2014 ਵਿਚ ਪੰਜਾਬ ਦੀ ਜਵਾਨੀ ਨੂੰ ਨਿਗਲ ਰਹੀ ਨਾਮੁਰਾਦ ਨਸ਼ਿਆਂ ਦੀ ਦਲਦਲ ਨੇ ਇਸ ਚੜ੍ਹਦੇ ਸਿਤਾਰੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਹ ਮੁੜ ਕਬੱਡੀ ਦੇ ਮੈਦਾਨ ਵਿਚ ਆਪਣੀ ਪਹਿਲਾਂ ਵਾਲੀ ਧਾਕ ਕਾਇਮ ਨਾ ਕਰ ਸਕਿਆ। ਕਦੇ ਹਜ਼ਾਰਾਂ ਕਬੱਡੀ ਪ੍ਰੇਮੀਆਂ ਦੀਆਂ ਤਾੜੀਆਂ ਦਾ ਕੇਂਦਰ ਰਹੇ ਗੁਰਜੀਤ ਤੂਤ ਦਾ ਅੰਤਿਮ ਸਮਾਂ ਬਿਮਾਰੀਆਂ ਨਾਲ ਜੂਝਦਿਆਂ ਬੀਤਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਤੂਤ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਖੇਡ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ, ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਗੁਰਜੀਤ ਤੂਤ ਦਾ ਵਿਛੋੜਾ ਪੰਜਾਬ ਦੇ ਕਬੱਡੀ ਅਤੇ ਖੇਡ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਦਾਨ ਵਿਚ ਗੁਰਜੀਤ ਵਲੋਂ ਦਿਖਾਈ ਦਲੇਰੀ, ਜੁਝਾਰੂਪਣ ਅਤੇ ਖੇਡ ਪ੍ਰਤੀ ਸਮਰਪਣ ਨੂੰ ਕਬੱਡੀ ਪ੍ਰੇਮੀ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।