ਚੰਡੀਗੜ੍ਹ, 1 ਜੁਲਾਈ (ਅਜੀਤ ਬਿਊਰੋ)-ਮੁਕੇਰੀਆਂ ਦੇ ਕਈ ਸੀਨੀਅਰ ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ, ਸਰਪੰਚ ਅਨਿਲ ਠਾਕੁਰ, ਬੇਅੰਤ ਸਿੰਘ ਰੰਧਾਵਾ, ਪੂਨਮ ਰੱਤੂ, ਸਰਪੰਚ ਤਜਿੰਦਰ ਪਾਲ ਸਿੰਘ, ਰਾਜੇਸ਼ ਰੱਤੂ, ਸਰਪੰਚ ਲਖਵੀਰ ਸਿੰਘ ਅਤੇ ਸ਼ੇਰ ਸਿੰਘ ਸ਼ੇਰਾ ਸ਼ਾਮਿਲ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸੋਚ ’ਤੇ ਭਰੋਸਾ ਪ੍ਰਗਟਾਇਆ ਅਤੇ ਆਪਣੇ ਸਮਰਥਕਾਂ ਸਮੇਤ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਰਸਮੀ ਤੌਰ ’ਤੇ ਪਾਰਟੀ ਵਿਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ-ਪੱਖੀ ਸਰਕਾਰ, ਇਮਾਨਦਾਰ ਰਾਜਨੀਤੀ ਅਤੇ ਪੰਜਾਬ ਦੇ ਵਿਕਾਸ ਪ੍ਰਤੀ ਵਚਨਬੱਧਤਾ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵੱਲ ਖਿੱਚੇ ਚਲੇ ਆ ਰਹੇ ਹਨ।