ਹਾਲੇ ਵੀ 10 ਹਜ਼ਾਰ ਮੈਗਾਵਾਟ ਬਾਹਰੋਂ ਖਰੀਦਣੀ ਪੈ ਰਹੀ ਹੈ ਬਿਜਲੀ, ਰੋਪੜ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 2 ਜੁਲਾਈ-ਮੌਨਸੂਨ ਦੀ ਆਮਦ ਅਤੇ ਮੌਸਮ ਵਿਭਾਗ ਵਲੋਂ 7 ਜੁਲਾਈ ਤੱਕ ਮੀਂਹ ਦਾ ਯੈਲੋ ਅਲਰਟ ਜਾਰੀ ਹੋਣ ਤੋਂ ਬਾਅਦ ਬੀਤੀ ਰਾਤ ਸੂਬੇ ’ਚ ਪਏ ਮੀਂਹ ਕਾਰਨ ਜਿਥੇ ਸੂਬਾ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ,ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਅਤੇ ਬਿਜਲੀ ਨਿਗਮ ਨੇ ਸੁੱਖ ਦਾ ਸਾਹ ਲਿਆ ਹੈ। ਲੰਘੇ ਦਿਨੀਂ ਪੈ ਰਹੀ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ ’ਚ ਜੂਨ ਮਹੀਨੇ ’ਚ ਹੀ ਰਿਕਾਰਡਤੋੜ ਵਾਧਾ ਹੁੰਦਿਆਂ 17147 ਮੈਗਾਵਾਟ ’ਤੇ ਪਹੁੰਚ ਗਈ ਸੀ, ਜੋ ਕਿ ਲੰਘੇ ਦਿਨੀਂ 17112 ਮੈਗਾਵਾਟ ਦੇਖੀ ਗਈ। ਪਰੰਤੂ ਜੁਲਾਈ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਸੂਬੇ ’ਚ ਪਏ ਮੀਂਹ ਨੇ ਬਿਜਲੀ ਦੀ ਮੰਗ 15682 ਮੈਗਾਵਾਟ ’ਤੇ ਲਿਆਉਂਦਿਆਂ ਦਿਨ ’ਚ ਇਕ ਵਾਰ ਤਾਂ ਬਿਜਲੀ ਦੀ ਮੰਗ 8206 ਮੈਗਾਵਾਟ ਭਾਵ ਅੱਧੀ ਦੇ ਕਰੀਬ ਤੱਕ ਘੱਟ ਰਹਿਣ ਬਾਰੇ ਪਤਾ ਲੱਗਾ ਹੈ। ਬੇਸ਼ਕ ਬਿਜਲੀ ਨਿਗਮ ਦੇ ਆਪਣੇ ਸਰਕਾਰੀ ਰੋਪੜ ਦੇ ਕੁੱਲ ਤਿੰਨਾਂ ’ਚੋਂ ਇਕ ਯੂਨਿਟ ਨੂੰ ਛੱਡ ਕੇ ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਲ ਰਹੇ ਹਨ ਅਤੇ ਨਿੱਜੀ ਥਰਮਲ ਪਲਾਂਟਾਂ ’ਚੋਂ ਵੀ ਸਾਰੇ ਯੂਨਿਟਾਂ ਤੋਂ ਕੁੱਲ 4200 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਬਿਜਲੀ ਨਿਗਮ ਦੇ ਆਪਣੇ ਹੋਰ ਸਰੋਤਾਂ ਜਿਸ ’ਚ ਪਣਬਿਜਲੀ ਉਤਪਾਦਨ ਅਤੇ ਨਵਿਆਉਣਯੋਗ ਊਰਜਾ ਤੋਂ ਲਗਭਗ 1100 ਮੈਗਾਵਾਟ ਬਿਜਲੀ ਪ੍ਰਾਪਤ ਕਰਦਿਆਂ ਕੁਲ 5326 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਪਰੰਤੂ ਫਿਰ ਵੀ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਨਿਗਮ ਵਲੋਂ 10000 ਮੈਗਾਵਾਟ ਬਿਜਲੀ ਦੀ ਬਾਹਰੋਂ ਖਰੀਦ ਕੀਤੀ ਜਾ ਰਹੀ ਹੈ। ਹੁਣ ਇਹ ਦੇਖਣਯੋਗ ਹੋਵੇਗਾ ਕਿ ਬਿਜਲੀ ਦੀ ਮੰਗ ਆਪਣੇ ਲੰਘੇ 2 ਸਾਲਾ ਦੇ ਜੁਲਾਈ ਮਹੀਨੇ ਦੇ ਰਿਕਾਰਡ ਵਿਚ ਵਾਧਾ ਕਰਦੀ ਹੈ ਜਾਂ ਮੀਂਹ ਬਿਜਲੀ ਦੀ ਮੰਗ ਨੂੰ ਸਥਾਈ ਰੱਖਣ ’ਚ ਸਹਾਈ ਹੋਵੇਗਾ। ਸਾਲ 2024 ਦੌਰਾਨ ਬਿਜਲੀ ਦੀ ਮੰਗ 6 ਜੁਲਾਈ ਨੂੰ ਘੱਟੋ-ਘੱਟ 10640 ਅਤੇ 18 ਜੁਲਾਈ ਨੂੰ ਵੱਧ ਤੋਂ ਵੱਧ 16017 ਮੈਗਾਵਾਟ ਦੇਖੀ ਗਈ ਸੀ, ਜਦੋਂਕਿ ਸਾਲ 2025 ’ਚ ਬਿਜਲੀ ਦੀ ਘੱਟੋ-ਘੱਟ 12059 ਮੈਗਾਵਾਟ 22 ਜੁਲਾਈ ਨੂੰ ਵੱਧ-ਵਧ 17233 ਮੈਗਾਵਾਟ 5 ਜੁਲਾਈ ਨੂੰ ਦੇਖੀ ਗਈ ਸੀ।
ਮੀਂਹ ਨਾਲ ਬਿਜਲੀ ਦੀ ਮੰਗ 2000 ਮੈਗਾਵਾਟ ਘਟੀ
ਅਜੀਤ ਡੈਸਕ
03-07-2026