ਅੰਮ੍ਰਿਤਸਰ/ਰਾਜਾਸਾਂਸੀ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਡੀ.ਆਰ.ਆਈ. ਅੰਮ੍ਰਿਤਸਰ ਅਤੇ ਕਸਟਮ ਅਧਿਕਾਰੀਆਂ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਵੱਖ-ਵੱਖ ਮਾਮਲਿਆਂ ‘ਚ ਇਕ ਔਰਤ ਸਮੇਤ 3 ਯਾਤਰੀਆਂ ਕੋਲੋਂ 1 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਉਡਾਣ ਨੰਬਰ 6ਈ1428 ਰਾਹੀਂ ਸ਼ਾਰਜਾਹ ਤੋਂ ਆਏ ਇਕ ਯਾਤਰੀ ਨੂੰ ਅਧਿਕਾਰੀਆਂ ਨੇ ਸ਼ੱਕ ਹੋਣ ‘ਤੇ ਰੋਕਿਆ। ਉਸ ਦੇ ਸਾਮਾਨ ਦੀ ਐਕਸ-ਰੇ ਸਕੈਨਿੰਗ ਅਤੇ ਨਿੱਜੀ ਤਲਾਸ਼ੀ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ‘ਚ ਸੋਨਾ ਬਰਾਮਦ ਕੀਤਾ, ਜਿਸ ‘ਚ ਕੁੱਲ ਵਜਨ 150.04 ਗ੍ਰਾਮ ਸ਼ੁੱਧ ਸੋਨਾ ਪਾਇਆ ਗਿਆ, ਜਿਸ ਦੀ ਕੀਮਤ 22,05,588 ਦੱਸੀ ਗਈ ਹੈ। ਦੂਜੇ ਮਾਮਲੇ ‘ਚ ਕਸਟਮ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਉਡਾਣ ਨੰਬਰ- ਆਈ. ਐਕਸ. 138 ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਇਕ ਔਰਤ ਯਾਤਰੀ ਨੂੰ ਰੋਕਿਆ। ਇਸ ਦੌਰਾਨ ਉਨ੍ਹਾਂ ਜੱਦ ਮਹਿਲਾ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 90.21 ਗ੍ਰਾਮ ਬਰਾਮਦ ਕੀਤਾ ਗਿਆ, ਜੋ ਕਿ ਪੇਸਟ ਦੇ ਰੂਪ ‘ਚ ਲੁਕਾਇਆ ਹੋਇਆ ਸੀ। ਇਸ ਦੀ ਬਾਜ਼ਾਰੀ ਕੀਮਤ 13,26,087 ਦੱਸੀ ਗਈ ਹੈ।ਇਸ ਤੋਂ ਇਲਾਵਾ ਇਕ ਹੋਰ ਮਾਮਲੇ ‘ਚ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਲਿਆਂਦੇ ਸੋਨੇ ਸਮੇਤ ਕਾਬੂ ਕੀਤਾ ਹੈ। ਇਹ ਯਾਤਰੀ ਉਡਾਣ ਨੰਬਰ-ਐਮ. ਐਚ. 118 ਰਾਹੀਂ ਮੈਲਬੌਰਨ ਤੋਂ ਵਾਇਆ ਕੁਆਲਾਲੰਪੁਰ ਇਥੇ ਪਹੁੰਚਿਆ ਸੀ। ਯਾਤਰੀ ਦੀ ਜਾਂਚ ਦੇ ਨਤੀਜੇ ਵਜੋਂ ਉਸ ਕੋਲੋਂ ਦੋ ਚੂੜੀਆਂ ਅਤੇ ਇਕ ਚੇਨ ਦੇ ਰੂਪ ‘ਚ 484 ਗ੍ਰਾਮ 24 ਕੈਰੇਟ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 70,66,400 ਬਣਦੀ ਹੈ।
ਅੰਮ੍ਰਿਤਸਰ ਹਵਾਈ ਅੱਡੇ ’ਤੇ ਔਰਤ ਸਮੇਤ 3 ਯਾਤਰੀਆਂ ਕੋਲੋਂ 1 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ
ਅਜੀਤ ਡੈਸਕ
03-07-2026