ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੇਵਾ ਕੇਂਦਰਾਂ ਦੇ ਗੇੜਿਆਂ ਤੋਂ ਬਚਾਉਣ ਵਾਲਾ ‘ਕੁਨੈਕਟ ਪੰਜਾਬ ਪੋਰਟਲ’ ਨਾ ਚੱਲਣ ਕਾਰਨ ਲੋਕਾਂ ’ਚ ਹਾਹਾਕਾਰ

Ad Position 21
No active advertisement
ਅਜੀਤ ਡੈਸਕ 03-07-2026

ਈ-ਸੇਵਾ ਪੋਰਟਲ ਰਾਹੀਂ ਲੱਖਾਂ ਲੋਕ ਘਰ ਬੈਠੇ ਲੈ ਰਹੇ ਨੇ ਕਈ ਦਸਤਾਵੇਜ਼ਾਂ ਦਾ ਲਾਭ
ਕੁਲਵਿੰਦਰ ਸਿੰਘ ਡਾਂਗੋਂ
ਲੋਹਟਬੱਦੀ (ਜਗਰਾਉਂ), 2 ਜੁਲਾਈ-ਸਮੁੱਚੇ ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਈ-ਸੇਵਾ ਰਾਹੀਂ ਲੋੜੀਂਦੇ ਡਿਜ਼ੀਟਲ ਦਸਤਾਵੇਜ਼ ਪ੍ਰਾਪਤ ਕਰਨ ’ਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਸੇਵਾ ਕੇਂਦਰਾਂ ’ਚ ਈ-ਸੇਵਾ ਵੈੱਬਸਾਈਟ ਬੰਦ ਰਹਿਣ ਕਾਰਨ ਲੋਕ ਕਿਸੇ ਵੀ ਦਸਤਾਵੇਜ਼ ਸੇਵਾ ਲਈ ਅਰਜੀ ਨਹੀਂ ਲਗਾ ਸਕੇ। ਹੁਣ ਆਮ ਨਾਗਰਿਕ ਨੂੰ ਆਪਣੇ ਘਰ ਬੈਠ ਕੇ ਖੁਦ ਹੀ ਕੁਝ ਸੀਮਿਤ ਸੇਵਾਵਾਂ ਦਾ ਲਾਭ ਲੈਣ ਲਈ ਅਰਜੀਆਂ ਲਗਾਉਣ ਲਈ ਨਿਰਧਾਰਿਤ ਕੁਨੈਕਟ ਪੰਜਾਬ (ਈ-ਸੇਵਾ) ਪੋਰਟਲ ਰਾਹੀਂ 2 ਦਿਨਾਂ ਤੋਂ ਕਿਸੇ ਵੀ ਸਰਟੀਫਿਕੇਟ/ਸੇਵਾ ਦੀ ਬਣਦੀ ਫ਼ੀਸ ਨਾ ਭਰੀ ਜਾਣ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ। ਜੇਕਰ ਲੋਕ ਆਪਣੇ ਕੰਮ ਲਈ ਸੇਵਾ ਕੇਂਦਰ ਵੀ ਜਾਂਦੇ ਹਨ ਤਾਂ ਉਥੇ ਪਹਿਲਾਂ ਹੀ ਲੋਕਾਂ ਦੀ ਵੱਡੀ ਭੀੜ ਹੈ, ਹੁੰਮਸ ਭਰੀ ਗਰਮੀ ’ਚ ਸਵੇਰ ਹੁੰਦਿਆਂ ਹੀ ਲੰਮੀਆਂ-ਲੰਮੀਆਂ ਕਤਾਰਾਂ ਹੀ ਨਹੀਂ ਲੱਗਦੀਆਂ, ਸਗੋਂ ਲੋਕ ਖੁਦ ਹੀ ਵਾਰੀ ਸਿਰ ਟੋਕਨ ਨੰਬਰ ਲਗਾ ਲੈਂਦੇ ਹਨ। ਮੁਢਲੀਆਂ ਸੇਵਾਵਾਂ ’ਚ ਆਧਾਰ ਕਾਰਡ, ਮੈਰਿਜ ਰਜਿਸਟ੍ਰੇਸ਼ਨ ਆਦਿ ਲਈ ਭਾਵੇਂ ਲੋਕਾਂ ਨੂੰ ਸੇਵਾ ਕੇਂਦਰ ਹੀ ਜਾਣਾ ਪੈਂਦਾ ਹੈ, ਪਰੰਤੂ ਪੰਜਾਬ ਸਰਕਾਰ ਦਾ ਕੁਨੈਕਟ ਪੰਜਾਬ (ਈ-ਸੇਵਾ) ਪੋਰਟਲ ਲੋਕਾਂ ਲਈ ਅਜਿਹੀ ਸੁਵਿਧਾ ਹੈ, ਜਿਸ ਦਾ ਲਾਭ ਲੈਣ ਲਈ ਕਿਸੇ ਵੀ ਅਰਜੀਕਰਤਾ ਨੂੰ ਸੇਵਾ ਕੇਂਦਰ ਜਾਂ ਕਿਸੇ ਦਫ਼ਤਰ ਨਹੀਂ ਜਾਣਾ ਪੈਂਦਾ। ਇਸ ’ਚ ਹਰ ਨਾਗਰਿਕ ਪਾਸਵਰਡ ਸਮੇਤ ਆਪਣੀ ਲੌਗਿਨ ਆਈ.ਡੀ. ਬਣਾ ਕੇ ਜਨਮ ਅਤੇ ਮੌਤ ਸਰਟੀਫਿਕੇਟ ਦੀ ਕਾਪੀ, ਕੋਈ ਵੀ ਸੋਧ, ਲੇਟ ਰਜਿਸ਼ਟ੍ਰੇਸ਼ਨ ਆਦਿ ਜਾਤੀ/ਓ.ਬੀ.ਸੀ., ਅਨੁਸੂਚਿਤ ਜਾਤੀ, ਆਮਦਨ ਸਰਟੀਫਿਕੇਟ, ਪੇਂਡੂ ਇਲਾਕੇ ਦਾ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਬੁਢਾਪਾ, ਵਿਧਵਾ/ਆਸ਼ਰਿਤ, ਅੰਗਹੀਣ ਪੈਨਸ਼ਨਾਂ ਆਦਿ ਬਹੁਤ ਸਾਰੀਆਂ ਸੇਵਾਵਾਂ ਦਾ ਸਿੱਧੇ ਤੌਰ ’ਤੇ ਲਾਭ ਲੈ ਸਕਦਾ ਹੈ। ਇਸ ਕੰਮ ਲਈ ਲੋਕ ਸੇਵਾ ਕੇਂਦਰਾਂ ’ਚ ਟੋਕਨ ਲੈ ਕੇ ਕੰਮ ਕਰਵਾਉਣ ਵਾਲੀ ਸਮੱਸਿਆ ਅਤੇ ਵਾਰ-ਵਾਰ ਦੇ ਗੇੜਿਆਂ ਤੋਂ ਵੀ ਬਚਦੇ ਹਨ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ 1500 ਰੁਪਏ ਦਾ ਲਾਭ ਲੈਣ ਲਈ ਲੱਖਾਂ ਅਨੁਸੂਚਿਤ ਜਾਤੀ ਔਰਤਾਂ ਨੇ ਸੇਵਾ ਕੇਂਦਰਾਂ ਦੀਆਂ ਲੰਮੀਆਂ ਕਤਾਰਾਂ ਤੋਂ ਬਚਦਿਆਂ ਇਸ ਪੋਰਟਲ ਰਾਹੀਂ ਆਪਣੇ ਨਜ਼ਦੀਕੀ ਗ੍ਰਾਮ ਸੁਵਿਧਾ/ਸੀ.ਐਸ.ਸੀ. ਕੇਂਦਰਾਂ ਜਾਂ ਆਪਣੇ ਪੜ੍ਹੇ ਲਿਖਿਆਂ ਬੱਚਿਆਂ ਪਾਸੋਂ ਅਰਜੀਆਂ ਲਗਾ ਕੇ ਸੰਬੰਧਿਤ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਪਾਸੋਂ ਜਾਤੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਏਨਾ ਹੀ ਨਹੀਂ ਲੱਖਾਂ ਮਾਪਿਆਂ ਨੇ ਵੀ ਸਕੂਲਾਂ ਦੀ ਮੰਗ ’ਤੇ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਲਈ ਇਸ ਪੋਰਟਲ ’ਤੇ ਅਰਜੀਆਂ ਪੇਸ਼ ਕਰਕੇ ਲਾਭ ਲਿਆ ਹੈ, ਕੁਝ ਅਜੇ ਵੀ ਬਕਾਇਆ ਹਨ ਅਤੇ ਲੋਕ ਹੁਣ ਵੀ ਲਾਭ ਲੈਣਾ ਚਾਹੁੰਦੇ ਹਨ। ਹੁਣ ਮੌਜੂਦਾ ਸਮੇਂ ਆਮ ਲੋਕਾਂ ਲਈ ਵੱਡੀ ਸੁਵਿਧਾ ਅਤੇ ਰਾਹਤ ਭਰੀ ਇਸ ਈ-ਸੇਵਾ ’ਚ ਵੱਡੀ ਖੜੋਤ ਆਉਣ ਕਾਰਨ ਪੰਜਾਬ ਸਰਕਾਰ ਦੇ ਸਾਸ਼ਨ ਸੁਧਾਰ ਵਿਭਾਗ ਨੂੰ ਕੋਸਿਆ ਜਾ ਰਿਹਾ ਹੈ। ਅਨੇਕਾਂ ਜਾਗਰੂਕ ਲੋਕਾਂ ਨੇ ਇਸ ਪੋਰਟਲ ’ਚ ਚੱਲ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਜਿਲ੍ਹਾ ਮੈਨੇਜਰਾਂ ਸਮੇਤ ਮੁਹਾਲੀ ਸਥਿਤ ਮੁੱਖ ਦਫ਼ਤਰ ਦੀ ਈ-ਮੇਲ ਰਾਹੀਂ ਦੁਖੜਾ ਵੀ ਰੋਇਆ ਹੈ, ਪਰੰਤੂ ਕੋਈ ਹੱਲ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਕੁਨੈਕਟ ਪੰਜਾਬ ਪੋਰਟਲ ਦੀ ਨਾਗਰਿਕ ਆਈ.ਡੀ. ਲੌਗਿਨ ਕਰਨ ਲਈ ਪਹਿਲਾਂ ਤਾਂ ਕਈ-ਕਾਈ ਵਾਰ ਓ.ਟੀ.ਪੀ ਹੀ ਨਹੀਂ ਜਾਂਦੀ, ਫਿਰ ਕੁਝ ਸਮਾਂ ਸੰਬੰਧਿਤ ਸਰਵਿਸ ਦੇ ਵੇਰਵੇ ਨਹੀਂ ਖੁੱਲ੍ਹਦੇ ਅਤੇ ਜਦੋਂ ਅਰਜੀ ਦੇ ਵੇਰਵੇ ਅਤੇ ਵਿਭਾਗ ਵਲੋਂ ਮੰਗੇ ਗਏ ਸਬੂਤ/ਫਾਰਮ ਆਨਲਾਈਨ ਨੱਥੀ ਕਰਕੇ ਫਾਈਲ ਸੰਪੂਰਨ ਕੀਤੀ ਜਾਂਦੀ ਹੈ ਤਾਂ ਬਣਦੀ ਫੀਸ ਨਹੀਂ ਭਰੀ ਜਾ ਰਹੀ, ਜਿਸ ਨਾਲ ਵੱਡੀ ਪ੍ਰੇਸ਼ਾਨੀ ਹੁੰਦੀ ਹੈ। ਇਕ ਸੇਵਾ ਕੇਂਦਰ ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰ ਵਲੋਂ ਬੀਤੀ ਕੱਲ੍ਹ ਤੋਂ ਸੇਵਾ ਕੇਂਦਰਾਂ ’ਚ ਕੁਝ ਸਰਟੀਫਿਕੇਟਾਂ ਦੀ ਫੀਸ ਨਹੀਂ ਲਈ ਜਾ ਰਹੀ ਅਤੇ ਕੁਝ ਸੇਵਾਵਾਂ ਦੀ ਫ਼ੀਸ ਵੀ ਘਟਾ ਦਿੱਤੀ ਗਈ ਹੈ। ਲੋਕਾਂ ਨੂੰ ਪਾਰਦਰਸ਼ੀ ਸੇਵਾਵਾਂ ਦੇਣ ਵਾਲੀ ਸਰਕਾਰ ਦੇ ਰਾਜ ’ਚ ਲਟਕਵੀਆਂ ਈ-ਸੇਵਾ ਸੇਵਾਵਾਂ ਨਾਲ ਜੂਝ ਰਹੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਹੈ। ਅੱਜ ਤੱਕ ਪੰਜਾਬ ਭਰ ’ਚੋਂ 69 ਲੱਖ 88 ਹਜ਼ਾਰ ਤੋਂ ਵਧੇਰੇ ਅਰਜੀਆਂ ਵੱਖ-ਵੱਖ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ, ਜਿਨ੍ਹਾਂ ’ਚੋਂ 45 ਲੱਖ 98 ਹਜ਼ਾਰ ਤੋਂ ਵਧੇਰੇ ਸੇਵਾ ਕੇਂਦਰਾਂ ਰਾਹੀਂ, ਜਦਕਿ 23 ਲੱਖ 89 ਹਜ਼ਾਰ ਤੋਂ ਵਧੇਰੇ ਅਰਜੀਆਂ ‘ਕੁਨੈਕਟ ਪੰਜਾਬ ਪੋਰਟਲ’ ਰਾਹੀਂ ਲਗਾਈਆਂ ਹੋਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸਿੱਖ ਵਿਦਵਾਨ ਖੋਜ ਕਰ ਕੇ ਕਰਤਾਰਪੁਰ ਸਾਹਿਬ ਦੇ ਆਬਾਦ ਹੋਣ ਦੀ ਸਹੀ ਤਾਰੀਖ਼ ਦਾ ਲਗਾਉਣ ਪਤਾ-ਤਰਲੋਚਨ ਸਿੰਘ ਅਗਲੀ ਖ਼ਬਰ ਕੰਗਣਾ ਰਣੌਤ ਖ਼ਿਲਾਫ਼ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਦੀ ਗਵਾਹੀ ਦਰਜ
Ad Position 24
No active advertisement