ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ)-ਸੂਬਾ ਯੂਥ ਕਾਂਗਰਸ ਨਵੇਂ ਚੁਣੇ ਗਏ ਪ੍ਰਧਾਨ ਸ਼ੁਵਮ ਸ਼ਰਮਾ ਧੂਰੀ ਅੱਜ ਸ਼ਾਮ ਇਥੇ ਸਮੁਚੀ ਟੀਮ ਤੇ ਯੂਥ ਕਾਂਗਰਸੀਆ ਦੇ ਵੱਡੇ ਇਕੱਠ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਦਾ ਕਾਫਲਾ ਅੱਜ ਸਵੇਰੇ ਸੰਗਰੂਰ ਦੇ ਧੂਰੀ ਤੋਂ ਸ਼ੁਰੂ ਹੋਇਆ ਸੀ, ਜੋ ਕਿ ਰਸਤੇ ‘ਚ ਵੱਖ ਵੱਖ ਥਾਵਾਂ ‘ਤੇ ਕਾਂਗਰਸੀਆਂ ਵਲੋਂ ਕੀਤੇ ਸਵਾਗਤ ਉਪਰੰਤ ਇਹ ਕਾਫਲਾ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਿਆ, ਜਿਥੇ ਸਮੂਹ ਅਹੁਦੇਦਾਰ ਤੇ ਵਰਕਰਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਇਥੇ ਪੁੱਜਣ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਕਾਂਗਰਕ ਪ੍ਰਧਾਨ ਸ਼ੁਵਮ ਸ਼ਰਮਾ ਨੇ ਕਿਹਾ ਕਿ ਉਹ ਇਥੇ ਆਪਣੀ ਸਮੁਚੀ ਟੀਮ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪੁੱਜੇ ਹਨ ਅਤੇ ਉਹ ਸੂਬੇ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਨਗੇ। ਇਸ ਮੌਕੇ ਉਨ੍ਹਾਂ ਕਾਂਗਰਸ ‘ਚ ਚਲ ਰਹੀ ਕਾਟੋ ਕਲੇਸ਼ ਤੇ ਬਗਾਵਤੀ ਸੁਰਾਂ ਸਬੰਧੀ ਕਿਹਾ ਕਿ ਕਾਂਗਰਸ ‘ਚ ਕੋਈ ਬਗਾਵਤ ਨਹੀਂ ਹੈ ਅਤੇ ਬੀਤੇ ਦਿਨ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਘਰ ਮੀਟਿੰਗ ਨੂੰ ਬਗਾਵਤ ਨਹੀਂ ਕਿਹਾ ਜਾ ਸਕਦਾ। ਉਥੇ ਝੰਡਾ ਵੀ ਕਾਂਗਰਸ ਦਾ ਸੀ ਤੇ ਸ਼ਾਮਿਲ ਲੋਕ ਵੀ ਕਾਂਗਰਸ ਦੇ ਸੀਨੀਅਰ ਮੈਂਬਰ ਸਨ। ਉਨ੍ਹਾਂ ਕਿਹਾ ਕਿ ਸਾਰੇ ਆਗੂ ਇਹ ਟੀਚਾ ਲੈ ਕੇ ਤੁਰੇ ਹਨ ਕਿ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ, ਜਨਰਲ ਸਕਤਰ ਵਿਸ਼ਾਲ ਕੁਮਾਰ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨਿਤਿਸ਼ ਧਾਮੀ, ਬਲਜੀਤ ਸਿੰਘ ਪਾਹੜਾ ਸੀਨੀਅਰ ਆਗੂ, ਯੂਥ ਕਾਂਗਰਸ ਦੇ ਪ੍ਰਧਾਨ ਸਰਬਜੋਤ ਸਿੰਘ ਅੰਬ ਕੋਟਲੀ, ਹਰਮਨ ਢਿੱਲੋਂ ਫੂਲੇ ਚੱਕ ਪ੍ਰਧਾਨ ਅਜਨਾਲਾ ਆਦਿ ਆਗੂ ਹਾਜ਼ਰ ਸਨ।