ਕਿਸ਼ਨਗੜ੍ਹ, 5 ਜੁਲਾਈ (ਹੁਸਨ ਲਾਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ।ਇਸ ਮੌਕੇ ਉਨ੍ਹਾਂ ਸਭ ਤੋਂ ਪਹਿਲਾਂ ਸੱਚਖੰਡ ਵਿਖੇ ਸੁਸ਼ੋਭਿਤ ਬ੍ਰਹਮਲੀਨ ਸੰਤ ਸਰਵਣ ਦਾਸ ਦੀ ਪ੍ਰਤਿਮਾ ਅੱਗੇ ਨਤਮਸਤਕ ਹੁੰਦਿਆਂ ਫੁੱਲ ਮਲਾਵਾਂ ਭੇਂਟ ਕੀਤੀਆਂ। ਉਪਰੰਤ ਪਦਮ ਸ੍ਰੀ ਸੰਤ ਨਿਰੰਜਨ ਦਾਸ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਮਿਲਣ ਦੀ ਵਧਾਈ ਦਿੱਤੀ ਅਤੇ ਮਹਾਂਪੁਰਸ਼ਾਂ ਤੋਂ ਚੜ੍ਹਦੀ ਕਲਾ ਲਈ ਆਸ਼ੀਰਵਾਦ ਲਿਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਭਾਜਪਾ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਗਰੀਬ ਅਤੇ ਦਲਿਤ ਵਰਗ ਦੀ ਸੇਵਾ ਭਾਜਪਾ ਦੀ ਵਿਚਾਰਧਾਰਾ ਦਾ ਮੂਲ ਆਧਾਰ ਹੈ। ਇਸ ਇਲਾਕੇ ਵਿਚ ਗਰੀਬ ਅਤੇ ਦਲਿਤ ਵਰਗ ਦੀ ਭਲਾਈ ਲਈ ਇਸ ਪਵਿੱਤਰ ਜਗ੍ਹਾ ਤੋਂ ਜੋ ਵੀ ਆਦੇਸ਼ ਮਿਲੇਗਾ, ਉਹ ਉਸ ਨੂੰ ਪੂਰਾ ਕਰਨਗੇ। ਇਸ ਮੌਕੇ ਸੰਤ ਨਿਰੰਜਨ ਦਾਸ ਵਲੋਂ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਅਤੇ ਉਨ੍ਹਾਂ ਨਾਲ ਆਏ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਪ੍ਰਦੀਪ ਦਾਸ ਕੂਪਰ ਢੇਰਪੁਰ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਬਾਬੂ ਧਰਮਪਾਲ ਸਿਮਕ, ਭਾਜਪਾ ਆਗੂ ਅਵਿਨਾਸ਼ ਚੰਦਰ ਕਲੇਰ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਪੰਜਾਬ ਪ੍ਰਧਾਨ ਵਿਜੈ ਸਾਂਪਲਾ, ਐਸ. ਆਰ. ਲੱਧਰ, ਰਾਜੇਸ਼ ਬਾਘਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਇੰਦਰ ਇਕਬਾਲ ਅਟਵਾਲ, ਮਨਜੀਤ ਬਾਲੀ ਤੇ ਹੋਰ ਆਗੂ ਵੀ ਹਾਜ਼ਰ ਸਨ।
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੇਵਲ ਸਿੰਘ ਢਿੱਲੋਂ
ਅਜੀਤ ਡੈਸਕ
06-07-2026