ਕਿਹਾ, ਆਪਣੀ ਰਾਜਨੀਤੀ ਚਮਕਾਉਣ ਲਈ ‘ਇਕ ਧਿਰ’ ਸਾਜਿਸ਼ ਤਹਿਤ ਵੀਡੀਓ ਮਾਮਲੇ ਨੂੰ ‘ਮੁੱਖ ਮੰਤਰੀ ਬਨਾਮ ਅਕਾਲ ਤਖ਼ਤ ਸਾਹਿਬ’ ਲੜਾਈ ਬਣਾਉਣਾ ਚਾਹੁੰਦੀ ਹੈ
ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 6 ਜੁਲਾਈ -’ਸ਼੍ਰੋਮਣੀ ਕਮੇਟੀ ਜਿਸ ਤਰ੍ਹਾਂ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦ ਰਹੀ ਹੈ, ਉਸ ਤਰ੍ਹਾਂ ਦੇ ਪੰਥਕ ਇਕੱਠ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ 2 ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲਿਆਂ ਦੇ ਖ਼ਿਲਾਫ਼ ਕਿਉਂ ਨਹੀਂ ਸੱਦੇ ਗਏ।’ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਕੀਤਾ। ਉਨ੍ਹਾਂ ਸਵਾਲ ਕੀਤਾ ਕਿ 2 ਦਸੰਬਰ ਦੇ ਹੁਕਮਨਾਮੇ ਵੀ ਤਾਂ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੀ ਜਾਰੀ ਕੀਤੇ ਸਨ, ਜੋ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸਨ। ਮੁੱਖ ਮੰਤਰੀ ਦੀ ਵਿਵਾਦਤ ਵਾਇਰਲ ਵੀਡੀਓ ਸੰਬੰਧੀ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਸੰਬੰਧੀ ਇਕ ਸਵਾਲ ਦੇ ਜਵਾਬ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਇਕ ਧਿਰ’ ਆਪਣੀ ਰਾਜਨੀਤੀ ਚਮਕਾਉਣ ਲਈ ਇਕ ਸਾਜ਼ਿਸ਼ ਤਹਿਤ ਇਸ ਮਾਮਲੇ ਨੂੰ ‘ਮੁੱਖ ਮੰਤਰੀ ਬਨਾਮ ਅਕਾਲ ਤਖ਼ਤ ਸਾਹਿਬ’ ਲੜਾਈ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਕਿ ਜੇਕਰ ਸਰਕਾਰ ਵਲੋਂ ਕਰਵਾਈ ਫੋਰੈਂਸਿਕ ਜਾਂਚ ਨਕਲੀ ਨਿਕਲਦੀ ਹੈ ਤਾਂ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ, ਪਰ ਇਸ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕਿਹੜੀ ਫੋਰੈਂਸਿਕ ਲੈਬ ਤੋਂ ਉਕਤ ਵੀਡੀਓ ਦੀ ਜਾਂਚ ਕਰਵਾਈ, ਉਸ ਦਾ ਨਾਮ ਅਤੇ ਇਸ ਜਾਂਚ ਤੇ ਹੋਇਆ ਖਰਚ ਸ਼੍ਰੋਮਣੀ ਕਮੇਟੀ ਨੇ ਜਾਂ ਕਿਸ ਨੇ ਦਿੱਤਾ, ਇਸ ਬਾਰੇ ਵੀ ਜਾਣਕਾਰੀ ਸੰਗਤਾਂ ਅੱਗੇ ਰੱਖਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਕ ਵਿਸ਼ੇਸ਼ ਧਿਰ ਦੀ ਪਰਦੇ ਪਿੱਛੇ ਦੀ ਸਾਜ਼ਿਸ਼ ਨੂੰ ਸਮਝਦਿਆਂ ਇਸ ਟਕਰਾਓ ਨੂੰ ਖਤਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।ਬੇਅਦਬੀ ਸੋਧ ਐਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਤਾਂ 2008 ਵਿਚ ਵੀ ਨਹੀਂ ਸੀ ਬਨਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪਾਰਟੀ ਪੂਰੀ ਤਨਦੇਹੀ ਨਾਲ ਲੜੇਗੀ। ਉਨ੍ਹਾਂ ਕਿਹਾ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਾਰਟੀ ਵਿਚ ਅਨੁਸ਼ਾਸ਼ਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫ਼ਿਲਮ ‘ਸਤਲੁਜ’ ‘ਤੇ ਪਾਬੰਦੀ ਲਗਾਏ ਜਾਣ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਫ਼ਿਲਮ ਨੂੰ ਬਿਨਾ ਸੈਂਸਰ ਤੋਂ ਤੁਰੰਤ ਸਿਨੇਮਾ ਘਰਾਂ ਵਿਚ ਰਿਲੀਜ ਕਰੇ। ਉਨ੍ਹਾਂ ਕਿਹਾ ਕਿ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਤੇ ਪਾਰਟੀ ਵਲੋਂ 17 ਜੁਲਾਈ ਨੂੰ ਜਥੇਦਾਰ ਸਮੁੰਦਰੀ ਦਾ 100 ਸਾਲਾ ਸ਼ਹੀਦੀ ਸ਼ਤਾਬਦੀ ਮਸਤੂਆਣਾ ਸਾਹਿਬ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਟਕਸਾਲੀ ਅਕਾਲੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਜਥੇਦਾਰ ਮੋਹਨ ਸਿੰਘ ਤੁੜ ਦੀ ਯਾਦ ਵਿਚ ਵੀ 30 ਜੂਨ ਨੂੰ ਉਨ੍ਹਾਂ ਦੇ ਪਿੰਡ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਦੀ ਹੋਈ ਵਰਕਿੰਗ ਕਮੇਟੀ ਇਕੱਤਰਤਾ ਵਿਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਜਥੇ: ਸੁੱਚਾ ਸਿੰਘ ਛੋਟੇਪੁਰ, ਅਜੈਪਾਲ ਸਿੰਘ ਮੀਰਾਂਕੋਟ, ਜਸਵੰਤ ਸਿੰਘ ਪੁੜੈਣ, ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਬੱਪੀਆਣਾ, ਮਲਕੀਤ ਸਿੰਘ ਸਮਾਉ, ਬਾਬਾ ਹਰਦੀਪ ਸਿੰਘ, ਪਰਮਪਾਲ ਸਿੰਘ ਸਭਰਾਅ, ਬੇਅੰਤ ਸਿੰਘ ਖਿਆਲਾ (ਭਰਾਤਾ ਜਨਰਲ ਸ਼ੁਬੇਗ ਸਿੰਘ), ਜਰਨੈਲ ਸਿੰਘ ਗੜਦੀਵਾਲ, ਹਰਬੰਸ ਸਿੰਘ ਕੰਧੋਲਾ, ਹਰਜਿੰਦਰ ਸਿੰਘ ਜਿੰਦੀ, ਚਰਨਜੀਤ ਸਿੰਘ ਬਠਿੰਡਾ, ਪਰਮਿੰਦਰ ਸਿੰਘ ਪ੍ਰਧਾਨ ਲੁਧਿਆਣਾ, ਪ੍ਰਿੰਸੀਪਲ ਮੋਹਨ ਸਿੰਘ, ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਦਲਜਿੰਦਰਬੀਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦਿਹਾਤੀ), ਹਰਜਿੰਦਰ ਸਿੰਘ ਰੰਧਾਵਾ (ਪ੍ਰਧਾਨ ਤਰਨਤਾਰਨ), ਰਣਧੀਰ ਸਿੰਘ ਰੱਖੜਾ (ਪ੍ਰਧਾਨ ਪਟਿਆਲਾ ਦਿਹਾਤੀ), ਰਪੂਦਮਨ ਸਿੰਘ ਢਿੱਲੋਂ (ਪ੍ਰਧਾਨ ਸੰਗਰੂਰ ਸ਼ਹਿਰੀ), ਰਵਿੰਦਰ ਸਿੰਘ (ਪ੍ਰਧਾਨ ਪਟਿਆਲਾ ਸ਼ਹਿਰੀ), ਹਰੀ ਸਿੰਘ ਪੁਰੇਵਾਲ (ਪ੍ਰਧਾਨ ਪਠਾਨਕੋਟ), ਮਨਜੀਤ ਸਿੰਘ ਰਾਣੀਪੁਰ, ਸੁਖਵੰਤ ਸਿੰਘ ਰੌਲੀ (ਪ੍ਰਧਾਨ ਜਲੰਧਰ ਦਿਹਾਤੀ), ਅਮਰਜੀਤ ਸਿੰਘ ਕਿਸ਼ਨਪੁਰਾ (ਪ੍ਰਧਾਨ ਜਲੰਧਰ ਸ਼ਹਿਰੀ), ਹਾਕਮ ਸਿੰਘ ਨਸਰਾਲੀ (ਪ੍ਰਧਾਨ ਖੰਨਾ), ਮਨਜੀਤ ਸਿੰਘ ਬੱਪੀਆਣਾ (ਪ੍ਰਧਾਨ ਮਾਨਸਾ), ਸੁਖਮਨਦੀਪ ਸਿੰਘ (ਪ੍ਰਧਾਨ ਬਠਿੰਡਾ ਦਿਹਾਤੀ), ਭੋਲਾ ਸਿੰਘ ਗਿੱਲ ਪੱਤੀ (ਪ੍ਰਧਾਨ ਬਠਿੰਡਾ ਸ਼ਹਿਰੀ), ਗੁਰਜਿੰਦਰ ਸਿੰਘ ਟਾਹਲੀਵਾਲਾ (ਪ੍ਰਧਾਨ ਫਾਜ਼ਿਲਕਾ), ਗੁਰਮੀਤ ਸਿੰਘ ਮਕੜੌਨਾ (ਪ੍ਰਧਾਨ ਰੋਪੜ), ਮਨਦੀਪ ਸਿੰਘ (ਤਰਨ ਤਾਰਨ), ਅਮਨਦੀਪ ਸਿੰਘ (ਗੁਰਦਾਸਪੁਰ), ਕਰਮਜੀਤ ਸਿੰਘ ਬਠਿੰਡਾ, ਵਰਕਿੰਗ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਸੰਗਰੂਰ, ਦਲਵਿੰਦਰ ਸਿੰਘ ਗਰਚਾ, ਅਮਿਤ ਕੁਮਾਰ ਬਲਾਚੌਰ, ਸਤਪਾਲ ਸਿੰਘ ਵਡਾਲੀ, ਲਸ਼ਕਰ ਸਿੰਘ ਜਲੰਧਰ ,ਬੇਅੰਤ ਸਿੰਘ, ਜਤਿੰਦਰ ਸਿੰਘ ਜੰਡਿਆਲਾ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਰਸੂਲਗੜ, ਹਰਿੰਦਰ ਸਿੰਘ ਸੰਗਰੂਰ, ਮਧੂਪਾਲ ਸਿੰਘ ਗੋਗਾ, ਗੁਰਵਿੰਦਰ ਸਿੰਘ ਝਬਾਲ, ਸੁਖਵਿੰਦਰ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਸਤਨਾਮ ਸਿੰਘ ਭਲਾਈਕੇ, ਭੁਪਿੰਦਰ ਸਿੰਘ ਬਠਿੰਡਾ, ਅਬਰਿੰਦਰ ਸਿੰਘ ਚਾਹਲ ਬਠਿੰਡਾ, ਲਸ਼ਕਰ ਸਿੰਘ ਰਹੀਮਪੁਰ, ਤਜਿੰਦਰ ਸਿੰਘ ਪੰਨੂ ਮੀਡੀਆ ਇੰਚਾਰਜ ਅਤੇ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਆਦਿ ਹੋਰ ਪਾਰਟੀ ਆਗੂ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਨੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਮੁਕਰਨ ਵਾਲਿਆਂ ਵਿਰੁੱਧ ਪੰਥਕ ਇਕੱਠ ਕਿਉਂ ਨਹੀਂ ਕੀਤੇ- ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
07-07-2026