ਮੋਗਾ, 6 ਜੁਲਾਈ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਨੇ ਜੀ-5 ਓ.ਟੀ.ਟੀ. ਪਲੇਟਫ਼ਾਰਮ ਤੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਹਟਾ ਕੇ ਖ਼ੁਦ ਹੀ ਆਪਣਾ ਸਿੱਖ ਵਿਰੋਧੀ ਤੇ ਮਨੁੱਖੀ ਅਧਿਕਾਰ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਅੱਜ ਇੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਬੁਲਾਰਿਆਂ, 13 ਮੈਂਬਰੀ ਕਮੇਟੀ ਤੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸੂਬੇ ਨੂੰ ਕਿਸ ਗੱਲ ਦਾ ਡਰ ਹੈ, ਜਿਸ ਕਰਕੇ ਮਨੁੱਖੀ ਅਧਿਕਾਰਾਂ ਦੇ ਰਾਖੇ ਦੀ ਸ਼ਹਾਦਤ ‘ਤੇ ਬਣੀ ਫ਼ਿਲਮ ਹਟਾਉਣੀ ਪਈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਹੜ੍ਹ ਰਾਹਤ ਪ੍ਰਬੰਧਾਂ ਦੀਆਂ ਟੀਮਾਂ ਬਣਾਉਣ ਲਈ ਡਿਊਟੀ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨ ਵਿਚ ਨਾਕਾਮ ਹੋਈ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ‘ਸਤਲੁਜ’ ਫ਼ਿਲਮ ਨੂੰ ਓ.ਟੀ.ਟੀ. ਪਲੇਟਫ਼ਾਰਮ ਤੋਂ ਹਟਾਉਣ ਦੇ ਵਿਰੋਧ ਵਿਚ 7 ਜੁਲਾਈ ਨੂੰ ਪਿੰਡ ਖਾਲੜਾ ਤੋਂ ਤਰਨਤਾਰਨ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ ਵਨਚਿੜੀ, ਸੁਰਜੀਤ ਸਿੰਘ ਦੌਲਤਪੁਰਾ, ਹਰਭਜਨ ਸਿੰਘ ਤੁੜ, ਪਰਮਜੀਤ ਸਿੰਘ ਜੌਹਲ, ਕਾਬਲ ਸਿੰਘ, ਬਾਬੂ ਸਿੰਘ ਬਰਾੜ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ, ਪ੍ਰਗਟ ਸਿੰਘ ਰਈਆ ਤੇ ਮੈਂਬਰ ਤਾਲਮੇਲ ਕਮੇਟੀ ਰਛਪਾਲ ਸਿੰਘ ਸੋਸਣ ਹਾਜ਼ਰ ਸਨ।
‘ਸਤਲੁਜ’ ਫ਼ਿਲਮ ਹਟਾਉਣ ਨਾਲ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ-ਬਾਪੂ ਤਰਸੇਮ ਸਿੰਘ
ਅਜੀਤ ਡੈਸਕ
07-07-2026