ਅੰਮ੍ਰਿਤਸਰ, 7 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਖਾੜਕੂਵਾਦ ਦੌਰਾਨ ਪੰਜਾਬ ‘ਚ ਪੁਲਿਸ ਵਲੋਂ ਲਾਵਾਰਸ ਲਾਸ਼ਾਂ ਦੇ ਰੂਪ ‘ਚ ਸਾੜੇ ਗਏ ਹਜ਼ਾਰਾਂ ਨੌਜਵਾਨਾਂ ਦਾ ਸੱਚ ਦੁਨੀਆਂ ਦੇ ਸਾਹਮਣੇ ਲਿਆਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਪੰਜਾਬ ਦੇ ਇਤਿਹਾਸ ਦਾ ਇਕ ਦਰਦਨਾਕ ਪੰਨਾ ਹੈ। ਇਸ ਪੂਰੇ ਘਟਨਾਕ੍ਰਮ ਅਤੇ ਅਦਾਲਤੀ ਲੜਾਈ ‘ਚ ਉਨ੍ਹਾਂ ਦੇ ਪਰਮ ਮਿੱਤਰ ਅਤੇ ਇਸ ਕੇਸ ਦੇ ਮੁੱਖ ਚਸ਼ਮਦੀਦ ਗਵਾਹ ਰਾਜੀਵ ਸਿੰਘ ਰੰਧਾਵਾ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੀ ਹੈ। ਕਾਲੇ ਦੌਰ ਦੀਆਂ ਖੌਫਨਾਕ ਘਟਨਾਵਾਂ ਨੂੰ ਚੇਤੇ ਕਰਦਿਆ ‘ਅਜੀਤ’ ਨਾਲ ਖਾਸ ਗੱਲਬਾਤ ਦੌਰਾਨ ਰਾਜੀਵ ਸਿੰਘ ਰੰਧਾਵਾ ਨੇ ਦੱਸਿਆ ਕਿ 6 ਸਤੰਬਰ 1995 ਨੂੰ ਕਾਲੀ ਸਵੇਰ ਉਹ ਭਾਈ ਜਸਵੰਤ ਸਿੰਘ ਖਾਲੜਾ ਦੇ ਅੰਮ੍ਰਿਤਸਰ ਸਥਿਤ ਕਬੀਰ ਪਾਰਕ ਵਾਲੇ ਘਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੋਵਾਂ ਨੇ ਪੱਟੀ ਸ਼ਮਸ਼ਾਨਘਾਟ ਦਾ ਦੌਰਾ ਕਰਨ ਲਈ ਇਕੱਲਿਆਂ ਨਹੀਂ ਜਾਣਾ ਸੀ, ਸਗੋਂ ਉਨ੍ਹਾਂ ਨਾਲ ਦਿੱਲੀ ਤੋਂ ਆਏ ਪੱਤਰਕਾਰਾਂ ਵੀ ਸ਼ਾਮਿਲ ਹੋਣਾ ਸੀ। ਉਨ੍ਹਾਂ ਪੱਟੀ (ਤਰਨ ਤਾਰਨ) ਦੇ ਸ਼ਮਸ਼ਾਨਘਾਟ ’ਚ ਜਾ ਕੇ ਉਨ੍ਹਾਂ ਸਬੂਤਾਂ ਅਤੇ ਰਿਕਾਰਡਾਂ ਦੀ ਮੌਕੇ ‘ਤੇ ਪੜਤਾਲ ਕਰਨੀ ਸੀ, ਜਿਨ੍ਹਾਂ ਨੂੰ ਭਾਈ ਖਾਲੜਾ ਨੇ ਲਾਵਾਰਸ ਲਾਸ਼ਾਂ ਦੇ ਗੈਰ-ਕਾਨੂੰਨੀ ਸਸਕਾਰ ਦੇ ਸੰਬੰਧ ’ਚ ਇਕੱਠਾ ਕੀਤਾ ਸੀ। ਸਵੇਰੇ ਤਕਰੀਬਨ 9:08 ਤੋਂ 9:20 ਦੇ ਵਿਚਕਾਰ ਭਾਈ ਖਾਲੜਾ ਆਪਣੇ ਘਰ ਦੇ ਬਾਹਰ ਖੜ੍ਹੇ ਹੋ ਕੇ ਕਾਰ ਧੋ ਰਹੇ ਸਨ। ਅਚਾਨਕ ਬਾਹਰ ਸ਼ੋਰ-ਸ਼ਰਾਬਾ ਸੁਣ ਕੇ ਜਦੋਂ ਉਹ ਗੇਟ ਵੱਲ ਭੱਜੇ ਤਾਂ ਉਨ੍ਹਾਂ ਦੇਖਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਭਾਈ ਖਾਲੜਾ ਨੂੰ ਜ਼ਬਰਦਸਤੀ ਖਿੱਚ ਰਹੇ ਸਨ। ਇਸ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਐੱਸ.ਐੱਸ.ਪੀ. ਸਾਹਿਬ ਨੇ ਕੋਈ ਪੁੱਛਗਿੱਛ ਕਰਨੀ ਹੈ ਤਾਂ ਉਹ ਖ਼ੁਦ ਨਾਲ ਚੱਲਣ ਲਈ ਤਿਆਰ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਧੱਕਾ ਦੇ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਭਾਈ ਖਾਲੜਾ ਨੂੰ ਅਸਮਾਨੀ ਰੰਗ ਦੀ ਮਾਰੂਤੀ ਵੈਨ ‘ਚ ਸੁੱਟ ਕੇ ਲੈ ਗਏ। ਰੰਧਾਵਾ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਈ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਫ਼ੋਨ ਕਰਕੇ ਇਸ ਅਗਵਾ ਦੀ ਸੂਚਨਾ ਦਿੱਤੀ। ਬੀਬੀ ਖਾਲੜਾ ਉਸ ਸਮੇਂ ਆਪਣੇ ਦਫ਼ਤਰ ਕੰਮ ‘ਤੇ ਸਨ, ਉਹ ਤੁਰੰਤ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਸਲਾਮਾਬਾਦ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾਉਣ ਗਏ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ।ਰਾਜੀਵ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਕੇਸ ਦੇ ਪੁਖ਼ਤਾ ਚਸ਼ਮਦੀਦ ਗਵਾਹ ਹੋਣ ਕਰਕੇ ਅਗਲੇ ਕਈ ਸਾਲਾਂ ਤੱਕ ਉਨ੍ਹਾਂ ਨੂੰ ਪੁਲਿਸ ਦੇ ਗਵਾਹੀ ਬਦਲਣ ਦੇ ਦਬਾਅ ਕਾਰਨ ਭਾਰੀ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚਲਦਿਆਂ ਪੁਲਿਸ ਵਲੋਂ ਉਨ੍ਹਾਂ ‘ਤੇ 5 ਝੂਠੇ ਮੁਕੱਦਮੇ ਦਰਜ ਕੀਤੇ ਗਏ, ਬਦਨਾਮ ਕਰਨ ਲਈ ‘ਫ਼ਰਜ਼ੀ ਅੱਤਵਾਦੀ ਜਥੇਬੰਦੀ’ ਦਾ ਡਰਾਮਾ ਕਰਕੇ ਮਨੋਬਲ ਤੋੜਣ ਦਾ ਯਤਨ ਕੀਤਾ ਗਿਆ, ਜਿਸ ‘ਚ ਉਹ ਕਾਮਯਾਬ ਨਾ ਹੋ ਸਕੇ। ਰੰਧਾਵਾ ਮੁਤਾਬਕ ਜਦੋਂ ਵੀ ਅਦਾਲਤ ‘ਚ ਭਾਈ ਖਾਲੜਾ ਕੇਸ ਦੀ ਸੁਣਵਾਈ ਹੁੰਦੀ ਸੀ ਜਾਂ ਉਨ੍ਹਾਂ ਨੇ ਬਿਆਨ ਦਰਜ ਕਰਵਾਉਣ ਜਾਣਾ ਹੁੰਦਾ ਸੀ ਤਾਂ ਪੁਲਿਸ ਉਨ੍ਹਾਂ ਨੂੰ ਐਨ ਮੌਕੇ ‘ਤੇ ਕਿਸੇ ਪੁਰਾਣੇ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰ ਲੈਂਦੀ ਸੀ ਤਾਂ ਜੋ ਉਹ ਅਦਾਲਤ ਵਿਚ ਪੇਸ਼ ਨਾ ਹੋ ਸਕਣ। ਉਹ ਘੱਟੋ-ਘੱਟ ਦੋ ਵਾਰ ਅਜਿਹੀ ਗ੍ਰਿਫ਼ਤਾਰੀ ਦਾ ਸ਼ਿਕਾਰ ਹੋਏ। ਸਾਲ 2000 ‘ਚ ਜਦੋਂ ਭਾਈ ਖਾਲੜਾ ਦੀ 5ਵੀਂ ਬਰਸੀ ਸੀ ਤਾਂ ਰਾਜੀਵ ਸਿੰਘ ‘ਤੇ ਪੁਲਿਸ ਤਸ਼ੱਦਦ ਬਹੁਤ ਵੱਧ ਗਿਆ ਸੀ। ਉਸ ਸਮੇਂ ਇਹ ਮਾਮਲਾ ਇੰਨਾਂ ਗੰਭੀਰ ਹੋ ਗਿਆ ਸੀ ਕਿ ਅੰਤਰਰਾਸ਼ਟਰੀ ਪੱਧਰ ‘ਤੇ ਰਾਜੀਵ ਸਿੰਘ ਰੰਧਾਵਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਗਈ, ਜਿਸ ਦੇ ਦਬਾਅ ਕਾਰਨ ਹੀ ਪੁਲਿਸ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਕਰ ਸਕੀ। ਰੰਧਾਵਾ ਨੇ ਜਜਬਾਤੀ ਹੁੰਦਿਆਂ ਕਿਹਾ ਕਿ 1995 ਤੋਂ 2005 ਤੱਕ ਉਨ੍ਹਾਂ ਆਪਣੀ ਜ਼ਿੰਦਗੀ ਰੂਪੋਸ਼ ਹੋ ਕੇ ਕੱਟੀ। ਇਨ੍ਹਾਂ 10 ਸਾਲਾਂ ਦੌਰਾਨ ਉਹ ਸਵੇਰੇ 5 ਵਜੇ ਤੋਂ ਰਾਤ 7 ਵਜੇ ਤੱਕ ਲੁੱਕ ਕੇ ਰਹਿੰਦੇ ਅਤੇ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਘਰ ਤੋਂ ਬਾਹਰ ਆਪਣੇ ਕਿਸੇ ਵੀ ਜ਼ਰੂਰੀ ਰੁਝੇਵਿਆਂ ਲਈ ਆਉਂਦੇ ਜਾਂਦੇ ਸਨ। ਇੰਨੇ ਦਬਾਅ, ਡਰ ਅਤੇ ਧਮਕੀਆਂ ਦੇ ਬਾਵਜੂਦ ਉਹ ਅਦਾਲਤ ‘ਚ ਆਪਣੇ ਬਿਆਨਾਂ ‘ਤੇ ਕਾਇਮ ਰਹੇ। ਉਨ੍ਹਾਂ ਦੀ ਇਸੇ ਪੱਕੀ ਗਵਾਹੀ ਸਦਕਾ ਹੀ ਸੀ. ਬੀ. ਆਈ. ਦੀ ਜਾਂਚ ਮਜ਼ਬੂਤ ਹੋਈ ਅਤੇ ਅਖੀਰ ਪੰਜਾਬ ਪੁਲਿਸ ਦੇ 6 ਉੱਚ ਅਧਿਕਾਰੀਆਂ ਨੂੰ ਭਾਈ ਖਾਲੜਾ ਦੇ ਅਗਵਾ ਤੇ ਹੱਤਿਆ ਦੇ ਦੋਸ਼ ‘ਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਮਿਲੀਆਂ। ਇਹ ਤੱਥ ਸਾਬਤ ਕਰਦੇ ਹਨ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਇਨਸਾਫ਼ ਦਿਵਾਉਣ ਲਈ ਰਾਜੀਵ ਸਿੰਘ ਰੰਧਾਵਾ ਨੇ ਨਾ ਸਿਰਫ਼ ਆਪਣੀ ਜਾਨ ਦੀ ਬਾਜ਼ੀ ਲਾਈ, ਸਗੋਂ ਪੁਲਿਸ ਦੇ ਉਸ ਦੌਰ ਦੇ ਸਭ ਤੋਂ ਕਰੂਰ ਤੰਤਰ ਦਾ ਦਲੇਰੀ ਨਾਲ ਸਾਹਮਣਾ ਕੀਤਾ। ਰੰਧਾਵਾ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ 1969 ਤੋਂ ਲੈ ਕੇ 1995 ਤੱਕ ਇਕ ਸੰਘਰਸ਼ਸ਼ੀਲ ਯੋਧੇ ਵਾਲੀ ਜ਼ਿੰਦਗੀ ਬਤੀਤ ਕੀਤੀ। ਇਸ ਦੌਰਾਨ ਆਮ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਦੇ ਹਿੱਤਾਂ ਦੇ ਲਈ ਸਾਰੀ ਉਮਰ ਆਪਣਾ ਸਮਰਪਣ ਕਰ ਦਿੱਤਾ ਸੀ। ਰਾਜੀਵ ਸਿੰਘ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਲਾਵਾਰਸ ਲਾਸ਼ਾਂ ਦੇ ਕੇਸ ਉਠਾਉਣ ਤੋਂ ਪਹਿਲਾਂ 1988 ਦੇ ਵਿਚ ਇਕ ‘ਸਰਹੱਦੀ ਕਿਸਾਨ ਸੰਘਰਸ਼ ਕਮੇਟੀ’ ਬਣਾਈ ਸੀ, ਜਿਸ ਅਧੀਨ ਉਨ੍ਹਾਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦਾ ਮੁੱਦਾ ਬੇਬਾਕੀ ਨਾਲ ਚੁੱਕਿਆ ਅਤੇ ਉਨ੍ਹਾਂ ਵਲੋਂ ਲੜੇ ਗਏ ਸੰਘਰਸ਼ ਦਾ ਨਤੀਜਾ ਕਿਸਾਨਾਂ ਨੂੰ ਮੁਆਵਜਾ ਮਿਲਣ ਦੀ ਸ਼ੁਰੂਆਤ ਨਾਲ ਹੋਇਆ। ਰੰਧਾਵਾ ਨੇ ਦੱਸਿਆ ਕਿ ਮੈਂ 1988 ਤੋਂ ਬਾਅਦ ਸਰਹੱਦੀ ਕਿਸਾਨ ਸੰਘਰਸ਼ ਕਮੇਟੀ ਦੇ ਕਾਰਜਕਾਲ ਦੌਰਾਨ ਭਾਈ ਖਾਲੜਾ ਦੇ ਸੰਪਰਕ ‘ਚ ਆਇਆ ਸੀ। ਰਾਜੀਵ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਬੇਖੌਫ਼ ਗੁਰਮੁੱਖ ਯੋਧਾ ਸਨ, ਜੋ ਗੁਰਬਾਣੀ ‘ਤੇ ਅਟੁੱਟ ਭਰੋਸਾ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਭਾਈ ਖਾਲੜਾ ਜਦੋਂ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਬਣੇ ਤਾਂ ਉਥੇ ਇਕ ਹੋਰ ਡਾਇਰੈਕਟਰ ਬਾਬਾ ਪਿਆਰਾ ਸਿੰਘ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮਾਰ ਦਿੱਤਾ ਸੀ, ਜਿਸ ਦੀ ਭਾਲ ਕਰਦਿਆਂ ਭਾਈ ਖਾਲੜਾ ਦੇ ਨਾਲ ਉਨ੍ਹਾਂ ਨੂੰ ਪੱਟੀ, ਤਰਨ ਤਾਰਨ ਤੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦੇ ਰਿਕਾਰਡ ਮਿਲ ਗਏ, ਜਿਥੋਂ ਉਨ੍ਹਾਂ ਨੂੰ ਬਾਬਾ ਪਿਆਰਾ ਸਿੰਘ ਦਾ ਨਾਂਅ ਤੇ ਹੁਲੀਆ ਆਦਿ ਦਾ ਵੇਰਵਾ ਮਿਲ ਗਿਆ। ਇਸ ਦੌਰਾਨ ਹੀ ਉਨ੍ਹਾਂ ਨੂੰ ਇਹ ਗੱਲ ਸਮਝ ਆਈ ਕਿ ਜਿਹੜੇ ਬੰਦੇ ਮੁਕਾਬਲੇ ‘ਚ ਮਾਰੇ ਗਏ ਹਨ, ਉਨ੍ਹਾਂ ਦੇ ਵੇਰਵੇ ਤਾਂ ਹਨ ਪਰ ਲਾਵਾਰਸ ਦੱਸ ਕੇ ਸੰਸਕਾਰ ਕੀਤੇ ਜਾ ਰਹੇ ਸਨ, ਜਿਨ੍ਹਾਂ ਦੀ ਗਿਣਤੀ ਹਜਾਰਾਂ ਵਿਚ ਸੀ।
ਪੁਲਿਸ ਜਬਰ ਤੇ ਝੂਠੇ ਕੇਸਾਂ ਅੱਗੇ ਵੀ ਨਾ ਝੁਕਿਆ ਮੌਤ ਦੇ ਸਾਏ ਹੇਠ ਸੱਚ ਦਾ ਪਹਿਰਾ ਦੇਣ ਵਾਲਾ ਰਾਜੀਵ ਸਿੰਘ ਰੰਧਾਵਾ
ਅਜੀਤ ਡੈਸਕ
08-07-2026