ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪਾਰਟੀਆਂ ਦੀ ਘੜਮੱਸ ਦਰਮਿਆਨ ਲੜੀਆਂ ਜਾਣਗੀਆਂ ਵਿਧਾਨ ਸਭਾ ਚੋਣਾਂ

Ad Position 21
No active advertisement
ਅਜੀਤ ਡੈਸਕ 08-07-2026

ਪੰਥਕ ਏਕਤਾ ਤੇ ਅਕਾਲੀ-ਭਾਜਪਾ ਗੱਠਜੋੜ ਅਜੇ ਦੂਰ ਦੀ ਕੌਡੀ
-ਜਸਪਾਲ ਸਿੰਘ-
ਜਲੰਧਰ, 7 ਜੁਲਾਈ-ਰਾਜ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ, ਜਿਸ ਨਾਲ ਸੂਬੇ ਦਾ ਸਿਆਸੀ ਪਾਰਾ ਤੇਜ਼ੀ ਨਾਲ ਵਧਣ ਲੱਗਾ ਹੈ। ਗੱਲ ਚਾਹੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਫਿਰ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ, ਬਸਪਾ, ਖੱਬੇ ਪੱਖੀਆਂ ਅਤੇ ਵੱਖ-ਵੱਖ ਅਕਾਲੀ ਧੜਿਆਂ ਦੀ ਹੋਵੇ ਤਾਂ ਹਾਲ ਦੀ ਘੜੀ ਇਨ੍ਹਾਂ ਸਾਰੀਆਂ ਪਾਰਟੀਆਂ ਵਲੋਂ ਆਪੋ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਅਜਿਹੇ ’ਚ ਜੇਕਰ ਇਨ੍ਹਾਂ ਪਾਰਟੀਆਂ ਵਲੋਂ ਗੱਠਜੋੜ ਦੀ ਰਾਜਨੀਤੀ ਨੂੰ ਪਾਸੇ ਰੱਖ ਕੇ ਆਪੋ ਆਪਣੇ ਦਮ ’ਤੇ ਚੋਣਾਂ ਲੜੀਆਂ ਜਾਂਦੀਆਂ ਹਨ ਤਾਂ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੇਹੱਦ ਦਿਲਚਸਪ ਹੋ ਸਕਦੀਆਂ ਹਨ। ਅਜਿਹੇ ’ਚ ਇਕ ਦਰਜਨ ਦੇ ਕਰੀਬ ਛੋਟੀਆਂ-ਵੱਡੀਆਂ ਪਾਰਟੀਆਂ ਦੇ ਇਨ੍ਹਾਂ ਚੋਣਾਂ ’ਚ ਕੁੱਦਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ ਦਾ ਚੋਣ ਮਾਹੌਲ ਜਿਥੇ ਪੂਰੀ ਤਰ੍ਹਾਂ ਨਾਲ ਬਦਲਿਆ ਨਜ਼ਰ ਆਵੇਗਾ, ਉਥੇ ਵੱਖ-ਵੱਖ ਪਾਰਟੀਆਂ ਦੇ ਘੜਮੱਸ ਦਰਮਿਆਨ ਲੜੀਆਂ ਜਾਣ ਵਾਲੀਆਂ ਇਹ ਚੋਣਾਂ ਜਿਥੇ ਰਾਜਨੀਤਕ ਪਾਰਟੀਆਂ ਲਈ ਇਹ ਇਕ ਵੱਖਰੇ ਤਰ੍ਹਾਂ ਦਾ ਤਜ਼ਰਬਾ ਤੇ ਪਰਖ ਦੀ ਘੜੀ ਹੋਵੇਗੀ, ਜਦਕਿ ਦੂਸਰੇ ਪਾਸੇ ਰਾਜ ਦੇ ਸਵਾ 2 ਕਰੋੜ ਦੇ ਕਰੀਬ ਵੋਟਰਾਂ ਲਈ ਵੀ ਇਹ ਚੋਣ ਕਾਫੀ ਅਹਿਮ ਹੋਵੇਗੀ। ਹਾਲਾਂਕਿ, ਪਿਛਲੇ ਸਮੇਂ ਦੌਰਾਨ ਸੂਬੇ ਅੰਦਰ ਗੱਠਜੋੜ ਦੀ ਸਿਆਸਤ ਕਾਫੀ ਹਾਵੀ ਰਹੀ ਹੈ ਪਰ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ ਆਪਣੇ ਦਮ ’ਤੇ ਸਰਕਾਰਾਂ ਬਣਾਉਣ ’ਚ ਸਫਲ ਰਹੀਆਂ ਹਨ। ਓਧਰ ਕਰੀਬ ਦੋ ਦਹਾਕਿਆਂ ਤੋਂ ਵੀ ਵੱਧ ਚੱਲੇ ਅਕਾਲੀ-ਭਾਜਪਾ ਗੱਠਜੋੜ ਨੇ ਸੂਬੇ ਦੀ ਸੱਤਾ ’ਤੇ ਲੰਬਾ ਸਮਾਂ ਰਾਜ ਕੀਤਾ ਪਰ ਸਾਲ 2020 ’ਚ ਕਿਸਾਨ ਅੰਦੋਲਨ ਦੇ ਚੱਲਦਿਆਂ ਇਹ ਗੱਠਜੋੜ ਟੁੱਟ ਗਿਆ ਸੀ ਤੇ ਅਕਾਲੀ ਦਲ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਲੜੀਆਂ ਗਈਆਂ ਪਰ ਬਹੁਤੀ ਸਫਲਤਾ ਨਾ ਮਿਲਣ ਕਰਕੇ ਗੱਠਜੋੜ ਜ਼ਿਆਦਾ ਦੇਰ ਟਿਕ ਨਹੀਂ ਸਕਿਆ ਅਤੇ ਫਿਰ ਦੋਵਾਂ ਪਾਰਟੀਆਂ ਦੇ ਰਸਤੇ ਅਲੱਗ ਹੋ ਗਏ। ਕਾਂਗਰਸ ਵਲੋਂ ਵੀ ਕਈ ਵਾਰ ਖੱਬੇ ਪੱਖੀ ਧਿਰਾਂ ਦਾ ਸਾਥ ਲਿਆ ਗਿਆ ਹੈ ਤੇ ਜਿਥੋਂ ਤੱਕ ਪੰਥਕ ਧਿਰਾਂ ਦੀ ਗੱਲ ਹੈ ਤਾਂ ਹੁਣ ਤੱਕ ਇਹ ਧਿਰਾਂ ਆਪਸ ’ਚ ਵੰਡੀਆਂ ਹੀ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੋਏ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਖ-ਵੱਖ ਪੰਥਕ ਦਲਾਂ ਵਲੋਂ ਸਮਰਥਨ ਦਿੱਤੇ ਜਾਣ ਦਾ ਐਲਾਨ ਕਰਨ ਨਾਲ ਇਹ ਧੜਾ ਕਾਫੀ ਮਜ਼ਬੂਤ ਦਿਖਾਈ ਦੇ ਰਿਹਾ ਹੈ ਪਰ ਜਿਸ ਤਰ੍ਹਾਂ ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ਵਾਰਿਸ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਬ) ਆਪਣੇ ਵੱਖਰੇ ਰਾਹ ’ਤੇ ਚੱਲ ਰਹੇ ਹਨ, ਇਸ ਤੋਂ ਇਹ ਸਾਫ ਹੈ ਕਿ ਹਾਲ ਦੀ ਘੜੀ ਵੱਖ-ਵੱਖ ਧੜਿਆਂ ਦਰਮਿਆਨ ਪੰਥਕ ਏਕਤਾ ਦੂਰ ਦੀ ਕੌਡੀ ਹੈ। ਇਸੇ ਤਰ੍ਹਾਂ ਭਾਜਪਾ ਵਲੋਂ ਵੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਇਨਕਾਰ ਕਰਦਿਆਂ ਇਕੱਲੇ ਚੋਣਾਂ ਲੜਨ ਦੇ ਕੀਤੇ ਜਾ ਰਹੇ ਐਲਾਨ ਨਾਲ ਇਹ ਗੱਠਜੋੜ ਵੀ ਸਿਰੇ ਲੱਗਦਾ ਦਿਖਾਈ ਨਹੀਂ ਦੇ ਰਿਹਾ। ਓਧਰ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਆਪਣੇ ਬਲਬੂਤੇ ’ਤੇ ਹੀ ਚੋਣਾਂ ਲੜੇ ਜਾਣ ਦੀ ਸੰਭਾਵਨਾ ਹੈ ਅਤੇ ਜੇਕਰ ਅਜਿਹਾ ਹੁੰਦਾ ਤੇ ਬਸਪਾ ਦੇ ਵੱਖ-ਵੱਖ ਧੜੇ ਤੇ ਖੱਬੇ ਪੱਖੀ ਪਾਰਟੀਆਂ ਵੀ ਆਪਣੇ ਦਮ ’ਤੇ ਚੋਣ ਮੈਦਾਨ ’ਚ ਉਤਰਦੀਆਂ ਹਨ ਤਾਂ ਬਹੁਤੇ ਹਲਕਿਆਂ ਅੰਦਰ ਬਹੁਕੋਣੀ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਚੋਣ ਪ੍ਰਕਿਰਿਆ ’ਚੋਂ ਸਿੱਖ ਉਮੀਦਵਾਰਾਂ ਨਜ਼ਰਅੰਦਾਜ਼ ਕੀਤਾ ਗਿਆ-ਮਹੇਸ਼ਇੰਦਰ ਸਿ... ਅਗਲੀ ਖ਼ਬਰ ਇੰਗਲੈਂਡ ਵਿਚ ਭਾਰਤੀ ਬੱਲੇਬਾਜ਼ ਢਹਿ-ਢੇਰੀ, ਮਿਲੀ ਸਭ ਤੋਂ ਵੱਡੀ ਹਾਰ
Ad Position 24
No active advertisement