ਚੰਡੀਗੜ੍ਹ, 7 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਵਾਸਤੇ ਚੋਣ ਪ੍ਰਕਿਰਿਆ ਵਿਚੋਂ ਸਿੱਖ ਉਮੀਦਵਾਰਾਂ ਨੂੰ ਬਾਹਰ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇੰਟਰਵਿਊ ਵਾਸਤੇ ਕੋਈ ਵੀ ਸਿੱਖ ਬਿਨੈਕਾਰ ਨਹੀਂ ਸੱਦਿਆ ਗਿਆ। ਹਾਲਾਂਕਿ, ਬਿਨੈਕਾਰਾਂ ਵਿਚ ਅਨੇਕਾਂ ਚੰਗੇ ਵਿਦਵਾਨ ਤੇ ਤਜ਼ਰਬੇਕਾਰ ਅਕਾਦਮਿਕ ਪ੍ਰਸ਼ਾਸਕ ਸ਼ਾਮਿਲ ਸਨ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਚੁਣੇ ਗਏ ਬਿਨੈਕਾਰਾਂ ਵਿਚ ਸਿੱਖ ਬਿਨੈਕਾਰਾਂ ਦਾ ਨਾ ਹੋਣਾਂ ਇਹ ਪ੍ਰਭਾਵ ਦਿੰਦਾ ਹੈ ਕਿ ਸਿੱਖ ਕੌਮ ਦੇ ਮੈਂਬਰ ਜੋ ਯੋਗ ਸਨ, ਨੂੰ ਅਣਡਿੱਠ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਹੁਦੇ ਵਾਸਤੇ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਅਨੇਕਾਂ ਮੌਜੂਦਾ ਤੇ ਸਾਬਕਾ ਵਾਈਸ ਚਾਂਸਲਰਾਂ, ਪ੍ਰਮੁੱਖ ਸਿੱਖ ਅਕਾਦਮਿਕ ਸ਼ਖਸੀਅਤਾਂ ਤੇ ਪ੍ਰਸ਼ਾਸਕੀ ਤਜ਼ਰਬੇਕਾਰਾਂ ਨੇ ਅਪਲਾਈ ਕੀਤਾ ਸੀ। ਅਜਿਹੇ ਉਮੀਦਵਾਰਾਂ ਨੂੰ ਦਰ ਕਿਨਾਰ ਕਰਨਾ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਉਮੀਦਵਾਰਾਂ ਦੀ ਚੋਣ ਵਾਸਤੇ ਕੀ ਪੈਮਾਨਾ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਹਮੇਸ਼ਾ ਪੱਖਪਾਤ ਦੇ ਪ੍ਰਭਾਵ ਤੋਂ ਉਪਰ ਹੋਣੀ ਚਾਹੀਦੀ ਹੈ ਤੇ ਇਸ ਵਿਚ ਸ਼ਾਮਲ ਸਭ ਪਾਤਰਾਂ ਨੂੰ ਇਸ ’ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਚੋਣ ਪ੍ਰਕਿਰਿਆ ’ਚੋਂ ਸਿੱਖ ਉਮੀਦਵਾਰਾਂ ਨਜ਼ਰਅੰਦਾਜ਼ ਕੀਤਾ ਗਿਆ-ਮਹੇਸ਼ਇੰਦਰ ਸਿੰਘ ਗਰੇਵਾਲ
ਅਜੀਤ ਡੈਸਕ
08-07-2026