-ਜਸਵੰਤ ਸਿੰਘ ਜੱਸ-
ਅੰਮ੍ਰਿਤਸਰ, 7 ਜੁਲਾਈ-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀਆਂ ਹਾਲ ਹੀ ਵਿਚ ਵੱਖ-ਵੱਖ ਥਾਵਾਂ ’ਤੇ ਹੋਈਆਂ ਦੋ ਅਹਿਮ ਮਿਲਣੀਆਂ ਨੇ ਪੰਥਕ ਤੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ੍ਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਗ੍ਰਹਿ ਖੰਨਾ ਵਿਖੇ ਦੋਵੇਂ ਸਾਬਕਾ ਜਥੇਦਾਰ ਅਚਾਨਕ ਪੁੱਜੇ ਸਨ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਸੀ। ਇਸ ਤੋਂ ਬਾਅਦ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਵਰਕਿੰਗ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਨ ਉਪਰੰਤ ਬਾਅਦ ਉਹ ਸ਼ਾਮ ਸਮੇਂ ਗਿਆਨੀ ਰਘਬੀਰ ਸਿੰਘ ਦੇ ਨਵੇਂ ਗ੍ਰਹਿ ਪ੍ਰਤਾਪ ਐਵੀਨਿਊ ਵਿਖੇ ਵੀ ਗਏ ਸਨ ਅਤੇ ਕਰੀਬ ਇਕ ਘੰਟੇ ਤੋਂ ਵੱਧ ਸਮਾਂ ਦੋਵਾਂ ਸਾਬਕਾ ਜਥੇਦਾਰਾਂ ਦਰਮਿਆਨ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਦੱਸੀ ਜਾਂਦੀ ਹੈ। ਭਾਵੇਂਕਿ, ਦੋਵਾਂ ਸਾਬਕਾ ਜਥੇਦਾਰਾਂ ਨੇ ਇਸ ਵਿਸ਼ੇਸ਼ ਮਿਲਣੀਆਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਗਿਆਨੀ ਰਘਬੀਰ ਸਿੰਘ ਨੇ ਆਪਣੇ ਗ੍ਰਹਿ ਦੀ ਮੁਰੰਮਤ ਕਰਵਾਈ ਸੀ ਅਤੇ ਉਹ ਦੇਖਣ ਲਈ ਸੱਦਾ ਦਿੱਤਾ ਸੀ ਪਰ ਇਸ ਦੌਰਾਨ ਕੋਈ ਰਾਜਨੀਤਕ ਗੱਲ ਨਹੀਂ ਹੋਈ। ਦੂਜੇ ਪਾਸੇ, ਗਿਆਨੀ ਰਘਬੀਰ ਸਿੰਘ ਨੇ ਕੇਵਲ ਇਨ੍ਹਾਂ ਹੀ ਪ੍ਰਤੀਕਰਮ ਦਿੱਤਾ ਕਿ ਇਸ ਦੌਰਾਨ ਪੰਥ ਦੇ ਮੌਜੂਦਾ ਹਲਾਤਾਂ ‘ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਪਹਿਲਾਂ ਕੈਬਨਿਟ ਮੰਤਰੀ ਸੌਂਦ ਅਤੇ ਬਾਅਦ ਵਿਚ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਦੋਵਾਂ ਸਾਬਕਾ ਜਥੇਦਾਰਾਂ ਦੀਆਂ ਕੁਝ ਘੰਟਿਆਂ ਬਾਅਦ ਮੁੜ ਇਕੱਠੇ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ। ਸਮਝਿਆ ਜਾਂਦਾ ਹੈ ਕਿ ਸਾਬਕਾ ਜਥੇਦਾਰਾਂ ਦੀਆਂ ਇਨ੍ਹਾਂ ਮਿਲਣੀਆਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਕਿ ਇਨ੍ਹਾਂ ਦਿਨਾਂ ਵਿਚ ਆਪਣੀ ਵਿਵਾਦਤ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਘਿਰੇ ਹੋਏ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਅਤੇ ਸਿੱਖ ਪੰਥ ਵਿਰੋਧੀ ਕਰਾਰ ਦਿੱਤਾ ਹੋਇਆ ਹੈ, ਤੋਂ ਇਲਾਵਾ ਇਨ੍ਹੀਂ ਦਿਨੀਂ ਬਹਿਬਲ ਕਲਾਂ ਗੋਲੀਕਾਂਡ ਦੀ ‘ਸਿੱਟ’ ਵਲੋਂ ਚੱਲ ਰਹੀ ਜਾਂਚ, ਜਿਸ ਸੰਬੰਧੀ ਗਿਆਨੀ ਰਘਬੀਰ ਸਿੰਘ ਪਹਿਲਾਂ ਹੀ ‘ਸਿੱਟ’ ਕੋਲ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ, ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਹੋ ਸਕਦੀ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਦੋਵਾਂ ਸਾਬਕਾ ਜਥੇਦਾਰਾਂ ਵਲੋਂ ਸਿਰ ਜੋੜਨ ਦੌਰਾਨ ਵਿਵਾਦਤ ਵੀਡੀਓ ਮਾਮਲੇ ਵਿਚ ਬੁਰੀ ਤਰ੍ਹਾਂ ਘਿਰੇ ਅਤੇ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਦੋਖੀ ਐਲਾਨੇ ਮੁੱਖ ਮੰਤਰੀ ਨੂੰ ‘ਆਪ’ ਲੀਡਰਸ਼ਿਪ ਦੇ ਕਹਿਣ ’ਤੇ ਇਸ ਚੱਕਰਵਿਊ ਵਿਚੋਂ ਕੱਢਣ ਵਿਚ ਸਹਾਇਤਾ ਪ੍ਰਦਾਨ ਲਈ ਸਲਾਹ ਮਸ਼ਵਰਾ ਦੇਣ ਲਈ ਵੀ ਕਿਸੇ ਰਣਨੀਤੀ ’ਤੇ ਵਿਚਾਰ ਕੀਤਾ ਗਿਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਆਪਣੀ ਰਾਜਨੀਤੀ ਚਮਕਾਉਣ ਲਈ ਇਕ ਧਿਰ ਸਾਜਿਸ਼ ਤਹਿਤ ਵੀਡੀਓ ਮਾਮਲੇ ਨੂੰ ਮੁੱਖ ਮੰਤਰੀ ਬਨਾਮ ਅਕਾਲ ਤਖ਼ਤ ਸਾਹਿਬ’ ਲੜਾਈ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਇਹ ਅਪੀਲ ਕੀਤੀ ਸੀ ਕਿ ਇਸ ਵਿਸ਼ੇਸ਼ ਧਿਰ ਦੀ ਪਰਦੇ ਪਿੱਛੇ ਦੀ ਸਾਜਿਸ਼ ਨੂੰ ਸਮਝਦਿਆਂ ਉਨ੍ਹਾਂ ਨੂੰ ਇਸ ਟਕਰਾਓ ਨੂੰ ਖਤਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਵਲੋਂ ਵਿਵਾਦਤ ਵੀਡੀਓ ਦੀ ਜੋ ਫੋਰੈਂਸਕ ਲੈਬ ਤੋਂ ਜਾਂਚ ਕਰਵਾਈ ਗਈ ਹੈ, ਉਸ ਦਾ ਨਾਂਅ ਪਤਾ ਨਸ਼ਰ ਕੀਤਾ ਜਾਵੇ ਅਤੇ ਇਸ ਫੋਰੈਂਸਿਕ ਜਾਂਚ ਲਈ ਹੋਇਆ ਖਰਚ ਸ਼੍ਰੋਮਣੀ ਕਮੇਟੀ ਜਾਂ ਹੋਰ ਕਿਸ ਸੰਸਥਾ ਜਾਂ ਵਿਅਕਤੀ ਵਲੋਂ ਅਦਾ ਕੀਤਾ ਗਿਆ ਹੈ, ਉਸ ਦੇ ਵੇਰਵੇ ਜਾਰੀ ਕੀਤੇ ਜਾਣ। ਦੋਵਾਂ ਸਾਬਕਾ ਜਥੇਦਾਰਾਂ ਦੀਆਂ ਮਿਲਣੀਆਂ ਸਿੱਖ ਸਿਆਸਤ ਨੂੰ ਕਿਹੜਾ ਮੋੜ ਦਿੰਦੀਆਂ ਹਨ, ਇਹ ਤਾਂ ਆਉਂਦੇ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਵਿਚ ਹੀ ਪਤਾ ਲੱਗੇਗਾ ਪਰ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਸਾਬਕਾ ਜਥੇਦਾਰਾਂ ਦੇ ਤਜ਼ਰਬੇ ਅਤੇ ਮਸ਼ਵਰੇ ਅਨੁਸਾਰ ਇਸ ਟਕਰਾਅ ਦੌਰਾਨ ਵਿਰੋਧੀ ਧਿਰ ਵਾਲੇ ਦਲ ਨੂੰ ਮਿਲ ਰਹੇ ਫਾਇਦੇ ਨੂੰ ਬਰੇਕਾਂ ਲਾਉਣ ਲਈ ਮੁੱਖ ਮੰਤਰੀ ਆਉਂਦੇ ਦਿਨਾਂ ਵਿਚ ਮੁੜ ਡਿਊਟੀ ‘ਤੇ ਪਰਤਣ ਬਾਅਦ ਕਿਸੇ ਵੀ ਸਮੇਂ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਲਈ ਪੇਸ਼ ਹੋ ਸਕਦੇ ਹਨ।
ਦੋ ਸਾਬਕਾ ਜਥੇਦਾਰਾਂ ਦੀਆਂ ਵੱਖ-ਵੱਖ ਥਾਈਂ ਦੋ ਮਿਲਣੀਆਂ ਨੇ ਪੰਥਕ ਤੇ ਸਿਆਸੀ ਹਲਕਿਆਂ ’ਚ ਚਰਚਾ ਛੇੜੀ
ਅਜੀਤ ਡੈਸਕ
08-07-2026