ਬਠਿੰਡਾ, 8 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਨੇ ਬਠਿੰਡਾ-ਗੰਗਾਨਗਰ ਹਾਈਵੇਅ ’ਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਗੁਪਤ ਕੈਮਰੇ ਲਗਾ ਕੇ ਸੁਰੱਖਿਆ ਏਜੰਸੀਆਂ ਅਤੇ ਫ਼ੌਜ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਮਾਮਲੇ ਵਿਚ ਕਥਿਤ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਮੁੱਖ ਦੋਸ਼ੀ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਨਿੰਬੂ ਵਾਸੀ ਬਟਾਲਾ ਵਜੋਂ ਹੋਈ ਹੈ, ਜਿਸ ਕੋਲੋਂ ਇਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ ਅਤੇ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਦੁਬਈ ਜਾ ਚੁੱਕਾ ਹੈ ਅਤੇ ਕੁਝ ਵਿਦੇਸ਼ੀ ਨੰਬਰਾਂ ਦੇ ਸੰਪਰਕ ਵਿਚ ਸੀ, ਜਿਨ੍ਹਾਂ ਨੇ ਉਸ ਨੂੰ ਕੈਮਰੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਸ ਦੇ ਬਦਲੇ ਕੁਝ ਰਕਮ ਵੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਇਕ ਹੋਰ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ, ਜਦਕਿ ਦੋ ਜਣੇ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸਥਾਨਕ ਬਠਿੰਡਾ-ਸ੍ਰੀ ਗੰਗਾਨਗਰ ਹਾਈਵੇਅ ’ਤੇ ਅੰਬੂਜਾ ਸੀਮੈਂਟ ਫ਼ੈਕਟਰੀ ਨੇੜੇ ਸਰਕਾਰੀ ਬਿਜਲੀ ਦੇ ਖੰਭੇ ’ਤੇ ਸੋਲਰ ਪਾਵਰ ਨਾਲ ਚੱਲਣ ਵਾਲਾ ਕੈਮਰਾ ਫੜਿਆ ਸੀ, ਜਿਸ ਵਿਚ ਲੱਗੇ ਇਕ ਸਿੰਮ ਕਾਰਡ ਰਾਹੀਂ ਡਾਟਾ ਦੇਸ਼ ਵਿਰੋਧੀ ਤਾਕਤਾਂ ਨੂੰ ਪਾਕਿਸਤਾਨ ਵਿਚ ਭੇਜਿਆ ਜਾ ਰਿਹਾ ਸੀ। ਇਨ੍ਹਾਂ ਕੈਮਰਿਆਂ ਦੀ ਵਰਤੋਂ ਫ਼ੌਜ, ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੀ ਆਵਾਜਾਈ ਅਤੇ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਲਈ ਕੀਤੀ ਜਾ ਰਹੀ ਸੀ, ਜਦਕਿ ਪੁਲਿਸ ਨੇ ਸਮਾਂ ਰਹਿੰਦਿਆਂ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਬਾਅਦ ਹੁਣ ਤੀਜਾ ਮੁੱਖ ਬੰਦਾ ਵੀ ਗ੍ਰਿਫ਼ਤਾਰ ਕਰ ਲਿਆ ਹੈ।