ਸੂਬੇ ਦੇ ਸ਼ੈਲਰਾਂ ’ਚ ਪਿਛਲੇ ਸਾਲ ਦਾ ਕਰੀਬ 25 ਫ਼ੀਸਦੀ ਝੋਨੇ ਦੀ ਮੀਲਿੰਗ ਹੋਣੀ ਅਜੇ ਬਾਕੀ
ਸੰਗਰੂਰ, 9 ਜੁਲਾਈ (ਧੀਰਜ ਪਸ਼ੌਰੀਆ)-ਕੇਂਦਰ ਸਰਕਾਰ ਵਲੋਂਪੱਤਰ ਜਾਰੀ ਹੋਣ ਨਾਲ ਆਖਰ ਪੰਜਾਬ ਦੇ ਕਰੀਬ 5500 ਸੈਲਰਾਂ ਵਿਚ ਝੋਨੇ ਦੀ ਮੀਲਿੰਗ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾਂ ਤੋਂ ਜਾਰੀ ਹੋਇਆ ਪੱਤਰ 30 ਜੂਨ ਤੱਕ ਝੋਨੇ ਦੀ ਮਿਲਿੰਗ ਦੀ ਇਜਾਜ਼ਤ ਦਿੰਦਾ ਸੀ ।ਉਸ ਤੋਂ ਬਾਅਦ ਨਵਾਂ ਪੱਤਰ ਜਾਰੀ ਨਾ ਹੋਣ ਕਾਰਨ ਝੋਨੇ ਦੀ ਮੀਲਿੰਗ ਦਾ ਕੰਮ ਇਕ ਜੁਲਾਈ ਤੋਂ ਬੰਦ ਹੋ ਗਿਆ ਸੀ। ਹੁਣ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਪੱਤਰ ਮੁਤਾਬਕ ਪੰਜਾਬ ਦੇ ਸੈਲਰਾਂ ਵਿਚ ਪਏ ਝੋਨੇ ਦੀ ਮਿਲਿੰਗ ਲਈ 30 ਸਤੰਬਰ 2026 ਤੱਕ ਦੇ ਸਮੇਂ ਦਾ ਵਾਧਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਸ਼ੈਲਰਾਂ ਵਿਚ ਪਿਛਲੇ ਸਾਲ ਦੇ ਪਏ 25 ਫ਼ੀਸਦੀ ਦੇ ਕਰੀਬ ਝੋਨੇ ਦੀ ਮਿਲਿੰਗ ਹੋਣੀ ਅਜੇ ਬਾਕੀ ਹੈ। 31 ਮਾਰਚ ਨੂੰ ਮੁਕੰਮਲ ਹੋਣ ਵਾਲਾ ਕੰਮ ਸੱਤ ਅੱਠ ਮਹੀਨੇ ਦੇਰੀ ਨਾਲ ਮੁਕੰਮਲ ਹੋਣ ਦੀ ਸੰਭਾਵਨਾ ਹੈ। ਜ਼ਿਲਾ ਸੰਗਰੂਰ ਅਤੇ ਮਲੇਰਕੋਟਲਾ ਸੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਫ.ਸੀ.ਆਈ. ਦੇ ਗੁਦਾਮਾਂ ਵਿਚ ਚੌਲ ਰੱਖਣ ਲਈ ਜਗ੍ਹਾ ਨਾ ਹੋਣ ਕਾਰਨ ਸੈਲਰਾਂ ਵਿਚ ਝੋਨੇ ਦੀ ਮੀਲਿੰਗ ਰੁਕ ਰੁਕ ਕੇ ਹੁੰਦੀ ਹੈ, ਜਿਸ ਕਾਰਨ ਸੈਲਰ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐਫ.ਸੀ.ਆਈ. ਦੇ ਗੁਦਾਮਾਂ ਵਿਚ ਅਜੇ ਤੱਕ 2023- 24 ਦਾ ਚੌਲ ਵੀ ਪਿਆ ਹੈ। ਚਾਲੂ ਸੀਜ਼ਨ ਦੀ ਗੱਲ ਕਰੀਏ ਤਾਂ 2025-26 ਦੇ 25 ਫ਼ੀਸਦੀ ਝੋਨੇ ਦੀ ਮੀਲਿੰਗ ਹੋਣੀ ਅਜੇ ਬਾਕੀ ਹੈ। ਲੋਕਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਗੁਦਾਮਾਂ ਵਿਚੋਂ ਪਿਛਲੇ ਸਾਲਾਂ ਦਾ ਚੌਲ ਨਹੀਂ ਚੁੱਕਿਆ ਜਾ ਰਿਹਾ ਹੈ। ਨਤੀਜੇ ਵਜੋਂ ਨਵੇਂ ਸੀਜਨ ਦੇ ਚੌਲ ਲੱਗਣ ਲਈ ਇਨ੍ਹਾਂ ਗੁਦਾਮਾਂ ਵਿਚ ਜਗ੍ਹਾ ਨਹੀਂ ਹੈ। ਚੌਲ ਚੁੱਕੇ ਜਾਣ ਦੀ ਰਫਤਾਰ ਬਹੁਤ ਧੀਮੀ ਹੈ, ਜਿਸ ਦਾ ਖਮਿਆਜਾ ਸੈਲਰ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਮਿਲਿੰਗ ਦੇ ਸੀਜਨ ਨੇ ਚਾਰ ਕੁ ਮਹੀਨਿਆਂ ਵਿਚ ਮੁਕੰਮਲ ਹੋ ਜਾਣਾ ਹੁੰਦਾ ਹੈ, ਉਸ ਸੀਜਨ ਦੇ ਕਰੀਬ ਇੱਕ ਸਾਲ ਚੱਲਣ ਕਾਰਨ ਸੈਲਰਾਂ ਦਾ ਖਰਚਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਲੰਮਾ ਸਮਾਂ ਖੁੱਲੇ ਵਿਚ ਪਏ ਰਹੇ ਕਾਰਨ ਝੋਨੇ ਦਾ ਜਿਥੇ ਵਜਨ ਘੱਟਦਾ ਹੈ, ਉਥੇ ਉਹ ਬਦਰੰਗ ਵੀ ਹੋ ਜਾਂਦਾ ਹੈ, ਜਿਸ ਦਾ ਸਾਰਾ ਖਮਿਆਜਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦਾ ਸੈਲਰ ਉਦਯੋਗ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ।ਵਰਿੰਦਰਪਾਲ ਸਿੰਘ ਟੀਟੂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਤੋਂ ਮੰਗ ਕੀਤੀ ਕਿ ਪੰਜਾਬ ਦੇ ਗੁਦਾਮਾਂ ਵਿਚ ਪਏ ਚੌਲ ਨੂੰ ਚੁੱਕੇ ਜਾਣ ਦੀ ਰਫਤਾਰ ਨੂੰ ਵਧਾਇਆ ਜਾਵੇ। ਇਨ੍ਹਾਂ ਵਿਚਾਰਾਂ ਦੀ ਦਿਨੇਸ਼ ਗੋਇਲ ਬਬਲੂ, ਜੋਗਿੰਦਰ ਕੁਮਾਰ ਨਿਕਾ, ਪਰਮਜੀਤ ਸ਼ਰਮਾ, ਕਾਮਲ ਨਰੇਸ਼ ਮਿੱਤਲ, ਰਾਜੀਵ ਗਰਗ ਰੈਂਪੂ, ਕ੍ਰਿਸ਼ਨ ਬਾਂਸਲ ਬੱਬੂ, ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਮੇਲ ਸਿੰਘ ਬਡਰੁੱਖਾਂ, ਸੌਰਵ ਗੋਇਲ, ਅੰਕਰ ਅੰਮ੍ਰਿਤ, ਜਤਿੰਦਰ ਪੋਂਪਾ, ਅੰਕਿਤ, ਕਾਲਾ ਗੁਪਤਾ, ਗੋਰਾ, ਆਸੂ, ਗਗਨ ਘਾਬਦਾਂ, ਅਸ਼ਵਨੀ ਜੋਨੀ, ਗੋਰੀ, ਮਿੰਕੂ, ਜੋਨੀ ਅਨਮੋਲ, ਹਰਪ੍ਰੀਤ ਸਿੰਘ ਢੀਂਡਸਾ, ਭੋਲਾ ਸਿੰਘ, ਰਾਜੇਸ਼ ਪਾਲ, ਦੀਪਕ ਰਾਜੂ, ਗੁਰਚੇਤ ਸਿੰਘ, ਤਰਸੇਮ ਜਿੰਦਲ ਅਤੇ ਹੋਰਨਾਂ ਨੇ ਪਰੋੜਤਾ ਕੀਤੀ ਹੈ।
ਪੰਜਾਬ ਦੇ 5500 ਦੇ ਕਰੀਬ ਸ਼ੈਲਰਾਂ ’ਚ ਝੋਨੇ ਦੀ ਮੀਲਿੰਗ ਮੁੜ ਹੋਈ ਸ਼ੁਰੂ
ਅਜੀਤ ਡੈਸਕ
10-07-2026