ਸਰਕਾਰ ਦਾ ਧਿਆਨ ਸੜਕ ਹਾਦਸੇ ਘਟਾਉਣ ’ਤੇ ਕੇਂਦਰਿਤ
ਮੰਡੀ ਗੋਬਿੰਦਗੜ੍ਹ, 9 ਜੁਲਾਈ (ਮੋਹਿਤ ਸਿੰਗਲਾ)-ਸੜਕ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੇਸ਼ ਭਰ ਦੇ ਕੌਮੀ ਸ਼ਾਹ ਮਾਰਗਾਂ ਅਤੇ ਐਕਸਪ੍ਰੈੱਸਵੇਜ਼ ’ਤੇ ਲੱਗੇ ਰਵਾਇਤੀ ਸਾਈਨ ਬੋਰਡਾਂ ਨੂੰ ਪੜਾਅਵਾਰ ਢੰਗ ਨਾਲ ਬਦਲਣ ਦੀ ਤਿਆਰੀ ਕਰ ਰਹੀ ਹੈ। ਨਵੀਂ ਪ੍ਰਣਾਲੀ ਅਧੀਨ ਲੰਬੇ ਲਿਖਤੀ ਸੁਨੇਹਿਆਂ ਦੀ ਥਾਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਚਿੱਤਰਾਤਮਕ ਸੰਕੇਤ (ਪਿਕਟੋਗ੍ਰਾਮ), ਰੰਗ-ਕੋਡ ਅਤੇ ਸਰਵਭੌਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਵਾਹਨ ਚਾਲਕ ਇਕ ਨਜ਼ਰ ਵਿਚ ਲੋੜੀਂਦੀ ਜਾਣਕਾਰੀ ਸਮਝ ਸਕਣ।ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ ਤੇਜ਼ ਰਫ਼ਤਾਰ ਦੌਰਾਨ ਵਾਹਨ ਚਾਲਕ ਕਈ ਵਾਰ ਲੰਬੇ ਸੁਨੇਹੇ ਪੜ੍ਹ ਨਹੀਂ ਸਕਦੇ, ਜਿਸ ਕਾਰਨ ਉਲਝਣ ਪੈਦਾ ਹੁੰਦੀ ਹੈ ਅਤੇ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਲਈ ਹੁਣ ਅਜਿਹੇ ਸੰਕੇਤ ਲਗਾਏ ਜਾਣਗੇ, ਜਿਨ੍ਹਾਂ ਨੂੰ ਭਾਸ਼ਾ ਪੜ੍ਹੇ ਬਿਨਾਂ ਵੀ ਆਸਾਨੀ ਨਾਲ ਸਮਝਿਆ ਜਾ ਸਕੇ। ਇਹ ਨਵੀਂ ਪ੍ਰਣਾਲੀ ਸੰਯੁਕਤ ਰਾਸ਼ਟਰ ਦੀਆਂ ਸੜਕ ਸੰਕੇਤਾਂ ਸੰਬੰਧੀ ਅੰਤਰਰਾਸ਼ਟਰੀ ਸਿਫ਼ਾਰਸ਼ਾਂ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤੀ ਜਾ ਰਹੀ ਹੈ। ਨਵੀਂ ਵਿਵਸਥਾ ਤਹਿਤ ਹਰ ਰਾਸ਼ਟਰੀ ਰਾਜਮਾਰਗ ਅਤੇ ਐਕਸਪ੍ਰੈੱਸਵੇਜ਼ ਨੂੰ ਵਿਲੱਖਣ ਰੂਟ ਨੰਬਰ ਅਤੇ ਪਛਾਣ ਦਿੱਤੀ ਜਾਵੇਗੀ। ਹਾਈਵੇਅ ਦੇ ਜੋੜ ਸੰਪਰਕ ਸਥਾਨਾਂ ’ਤੇ ਜੰਕਸ਼ਨ ਨੰਬਰ ਦਰਜ ਹੋਣਗੇ, ਜਦਕਿ ਨਿਕਾਸ (ਐਗਜ਼ਿਟ) ਨੂੰ ਕ੍ਰਮਵਾਰ ਨੰਬਰ ਦੇ ਕੇ ਸਪੱਸ਼ਟ ਕੀਤਾ ਜਾਵੇਗਾ। ਹਸਪਤਾਲ, ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ, ਪੈਟਰੋਲ ਪੰਪ, ਵਿਸ਼ਰਾਮ ਸਥਾਨ, ਐਮਰਜੈਂਸੀ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਸਹੂਲਤਾਂ ਲਈ ਵੱਖ-ਵੱਖ ਅੰਤਰਰਾਸ਼ਟਰੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ।ਮਾਹਿਰਾਂ ਦਾ ਮੰਨਣਾ ਹੈ ਕਿ ਸਾਈਨ ਬੋਰਡਾਂ ਦੇ ਮਿਆਰੀਕਰਨ ਨਾਲ ਨਾ ਸਿਰਫ਼ ਦੇਸ਼ ਦੇ ਵਾਹਨ ਚਾਲਕਾਂ, ਸਗੋਂ ਵਿਦੇਸ਼ੀ ਸੈਲਾਨੀਆਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੀ ਰਸਤਾ ਪਛਾਣਨ ਵਿਚ ਆਸਾਨੀ ਹੋਵੇਗੀ। ਇਸ ਨਾਲ ਭਰਮ ਘਟੇਗਾ, ਯਾਤਰਾ ਹੋਰ ਸੁਰੱਖਿਅਤ ਬਣੇਗੀ ਅਤੇ ਸੜਕ ਨੈੱਟਵਰਕ ’ਤੇ ਟ੍ਰੈਫਿਕ ਪ੍ਰਬੰਧਨ ਵੀ ਬਿਹਤਰ ਹੋਵੇਗਾ।
ਕੌਮੀ ਸ਼ਾਹ ਮਾਰਗਾਂ ’ਤੇ ਬਦਲਣਗੇ ਸਾਈਨ ਬੋਰਡ, ਲੰਬੇ ਵਾਕਾਂ ਦੀ ਥਾਂ ਹੋਣਗੇ ਅੰਤਰਰਾਸ਼ਟਰੀ ਸੰਕੇਤ
ਅਜੀਤ ਡੈਸਕ
10-07-2026