ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ, ਫ਼ਿਰੋਜ਼ਪੁਰ ਪੁਲਿਸ ਰੇਂਜ ਅਤੇ ਕਾਊਂਟਰ ਇੰਟੈਲੀਜੈਂਸ ਨੇ ਇਕ ਸਾਂਝਾ ਆਪ੍ਰੇਸ਼ਨ ਕਰਕੇ ਐਤਵਾਰ ਨੂੰ ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਵਿਚ ਨਕਲ ਕਰਵਾਉਣ ਦੇ ਮਾਮਲੇ ਵਿਚ ਅੰਤਰਰਾਜੀ ਨਕਲ ਗਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਆਪ੍ਰੇਸ਼ਨ ਦੌਰਾਨ 28 ਪ੍ਰੀਖਿਆਰਥੀਆਂ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਲਿਆ ਗਿਆ ਸੀ। ਪੁਲਿਸ ਨੇ ਇਸ ਕਾਰਵਾਈ ’ਚ ਵਰਤੇ ਗਏ ਬੈਟਰੀ ਨਾਲ ਚੱਲਣ ਵਾਲੇ 27 ਵਾਈਰਲੈਸ (ਨਕਲ ਮਾਰਨ ਵਾਲੇ ਜੰਤਰ) ਵੀ ਬਰਾਮਦ ਕੀਤੇ ਹਨ। ਇਸ ਵਿਚ ਪੈਨ ਕੈਮਰਾ ਅਤੇ ਰੀਅਲ ਟਾਈਮ (ਤੁਰੰਤ ਡਿਕਟੇਸ਼ਨ (ਬੋਲ ਕੇ ਜਵਾਬ ਲਿਖਾਉਣ) ਦੀ ਤਕਨੀਕ ਵਰਤੀ ਗਈ ਹੈ। ਨਕਲ ਗਰੋਹ ਦੇ ਮੁੱਖ ਸਾਜਿਸ਼ਕਾਰਾਂ ਵਿਚ ਗੁਰਮੀਤ ਸਿੰਘ ਵਾਸੀ ਫ਼ਰੀਦਕੋਟ (ਪੰਜਾਬ) (ਮੁੱਖ ਸਾਜ਼ਿਸ਼ਕਾਰ ਅਤੇ ਸਹੂਲਤ ਪ੍ਰਦਾਨ ਕਰਨ ਵਾਲਾ), ਮਨਜੀਤ ਸਿੰਘ ਵਾਸੀ ਝੂੰਝਨ (ਰਾਜਸਥਾਨ) (ਹੱਲ ਕਰਨ ਵਾਲਾ/ਜਵਾਬ ਦੱਸਣ ਵਾਲਾ), ਦੀਪਕ ਵਾਸੀ ਕੋਟਪੁਤਲੀ ਬਹਿਰੋ (ਰਾਜਸਥਾਨ) (ਹੱਲ ਕਰਨ ਵਾਲਾ ਤੇ ਜਵਾਬ ਦੇਣ ਵਾਲਾ), ਸਤਨਾਮ ਸਿੰਘ ਵਾਸੀ ਗੁਰੂਹਰਸਾਏ (ਪੰਜਾਬ), ਅਭਿਯੰਤ ਵਾਸੀ ਭਿਵਾਨੀ (ਹਰਿਆਣਾ) ਅਤੇ ਸੁਨੀਲ ਕੁਮਾਰ ਵਾਸੀ ਕੋਟਪੁਤਲੀ ਬਹਿਰੋ (ਰਾਜਸਥਾਨ) ਨੂੰ ਕਾਬੂ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਕਾਰਵਾਈ ਦਾ ਮੁੱਖ ਸਾਜ਼ਿਸ਼ਕਾਰ ਗੁਰਮੀਤ ਸਿੰਘ ਹੈ ਜੋ ਫ਼ਾਜ਼ਿਲਕਾ ਦੇ ਸੰਤ ਕਰੀਬ ਪੋਲੀਟੈਕਨਟੀਕਲ ਕਾਲਜ ਵਿਖੇ ਕਰਮਚਾਰੀ ਹੈ। ਇਹ ਗਰੋਹ ਪਾਸ ਹੋਣ ਦੀ ਗਾਰੰਟੀ ਦੇਣ ਬਦਲੇ ਪ੍ਰੀਖਿਆਰਥੀਆਂ ਤੋਂ ਸਾਢੇ ਤਿੰਨ ਲੱਖ ਤੋਂ 13 ਲੱਖ ਰੁਪਏ ਦੀ ਭਾਰੀ ਰਕਮ ਵਸੂਲਦਾ ਸੀ। ਪੁਲਿਸ ਵਲੋਂ ਇਸ ਨੈਟਵਰਕ ਨਾਲ ਜੁੜੇ ਭਿਵਾਨੀ ਦੇ ਸਾਜਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਦਾ ਮਾਮਲਾ-ਅੰਤਰਰਾਜੀ ਨਕਲ ਗਰੋਹ ਦੇ 7 ਮੈਂਬਰ ਗ੍ਰਿਫ਼ਤਾਰ
ਅਜੀਤ ਡੈਸਕ
21-07-2026