ਫ਼ਰੀਦਕੋਟ, 29 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਲੀਕ ਮਾਮਲੇ ’ਚ ਪੰਜਾਬ ਕਾਂਗਰਸ ਵਲੋਂ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਗੇਟ ਸਾਹਮਣੇ ਦਿੱਤੇ ਗਏ ਰੋਸ ਧਰਨੇ ’ਚ ਇਕ ਵਾਰ ਫ਼ਿਰ ਕਾਂਗਰਸ ’ਚ ਫ਼ੁੱਟ ਨਜ਼ਰ ਆਈ। ਇਸ ਧਰਨੇ ਵਿਚ ਕੇਵਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨਾਲ ਸੰਬੰਧਿਤ ਆਗੂ ਤੇ ਵਰਕਰ ਹੀ ਸ਼ਾਮਿਲ ਹੋਏ, ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ ਧਰਨੇ ’ਚੋਂ ਗਾਇਬ ਰਿਹਾ। ਇਸ ਰੋਸ ਧਰਨੇ ’ਚ ਸ਼ਾਮਿਲ ਹੋਣ ਲਈ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸ਼ਾਮਿਲ ਹੋਣ ਦੀ ਗੱਲ ਆਖੀ ਗਈ ਸੀ, ਪ੍ਰੰਤੂ ਉਹ ਵੀ ਇਸ ਧਰਨੇ ਵਿਚ ਸ਼ਾਮਿਲ ਨਹੀਂ ਹੋਏ। ਇਸ ਧਰਨੇ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਵੀ ਘੱਟ ਨਜ਼ਰ ਆਈ। ਧਰਨੇ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਅੰਦਰ ਪੇਪਰ ਲੀਕ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ। ਆਮ ਆਦਮੀ ਪਾਰਟੀ ਦੀ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਹ ਛੇਵਾਂ ਪੇਪਰ ਲੀਕ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਵਿਦਿਆਰਥੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ ਕਿ ਪੇਪਰ ਹੋਣ ਸਮੇਂ ਹੀ ਇਸ ਨੂੰ ਲੀਕ ਕਰ ਦਿੱਤਾ ਅਤੇ ਆਪਣੇ ਚਹੇਤਿਆਂ ਨੂੰ ਇਕ ਸਿਸਟਮ ਰਾਹੀਂ ਸਵਾਲਾਂ ਦੇ ਜਵਾਬ ਭੇਜ ਦਿੱਤੇ ਅਤੇ ਯੋਗ ਉਮੀਦਵਾਰਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨੌਕਰੀਆਂ ਪੀ.ਪੀ.ਐਸ.ਸੀ. ਰਾਹੀਂ ਦਿੱਤੀਆਂ ਜਾ ਰਹੀਆਂ ਸਨ। ਹੁਣ ਇਸ ਸਰਕਾਰ ਵਲੋਂ ਇਹ ਨੌਕਰੀਆਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਰੋਸ ਧਰਨਾ ਹੈ, ਜਿਸ ਦੇ ਬੈਨਰ ’ਤੇ ਪਾਰਟੀ ਆਗੂਆਂ ਦੀਆਂ ਨਹੀਂ ਪੇਪਰ ਲੀਕ ਸਰਕਾਰ ਦੇ ਆਗੂਆਂ ਦੀਆਂ ਤਸਵੀਰਾਂ ਹਨ। ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਲੁੱਟਿਆ ਹੈ। ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ’ਚ ਦਿੱਤੇ ਰੋਸ ਧਰਨੇ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਮਦਨ ਲਾਲ ਜਮਾਲਪੁਰ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਪਰਮਿੰਦਰ ਸਿੰਘ ਪਿੰਕੀ, ਬਰਿੰਦਰਮੀਤ ਸਿੰਘ ਪਾਹੜਾ, ਦਰਸ਼ਨ ਸਿੰਘ ਬਰਾੜ, ਕਰਨ ਕੌਰ ਬਰਾੜ, ਹਰਮਿੰਦਰ ਸਿੰਘ ਗਿੱਲ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਿਕਰਮ ਮੋਫ਼ਰ, ਬਰਿੰਦਰ ਸਿੰਘ ਢਿੱਲੋਂ, ਅਜੈਪਾਲ ਸਿੰਘ ਸੰਧੂ, ਵਿਜੈ ਕਾਲੜਾ, ਰਵਨੀਤ ਮੀਆਂ, ਦਿਨੇਸ਼ ਬੱਸੀ, ਜਸ਼ਨ ਚਹਿਲ, ਕਰਨ ਵੜਿੰਗ, ਅਨੇਕ ਬਰਾੜ, ਠੇਕੇਦਾਰ ਅਮਰਜੀਤ ਸਿੰਘ ਸੰਧੂ, ਇਸ਼ਵਰ ਸ਼ਰਮਾ, ਹਰਮੀਤ ਕੌਰ, ਲਾਡੀ ਗਹਿਰੀ, ਜਸਵਿੰਦਰ ਸਿੰਘ ਸਿੱਖਾਂਵਾਲਾ, ਗੁਰਸ਼ਵਿੰਦਰ ਸਿੰਘ, ਪੱਪੂ ਸਿਮਰੇਵਾਲਾ, ਪ੍ਰਿਤਪਾਲ ਭਲੂਰੀਆ ਸਮੇਤ ਕਈ ਆਗੂ ਤੇ ਵਰਕਰ ਹਾਜ਼ਰ ਸਨ।