ਅਬੋਹਰ, 29 ਜੁਲਾਈ (ਵਿਵੇਕ ਹੂੜੀਆ)-ਅਬੋਹਰ ਸ਼ਹਿਰ ਦੇ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਹੜਕੰਪ ਮੱਚ ਗਿਆ। ਧਮਕੀ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਅਜ਼ੰਪਸ਼ਨ ਕਾਨਵੈਂਟ ਸਕੂਲ, ਡੀ.ਏ.ਵੀ. ਸਕੂਲ ਅਤੇ ਮਾਡਰਨ ਮਾਲਵਾ ਸਕੂਲ ਸਮੇਤ ਕਈ ਪ੍ਰਮੁੱਖ ਨਿੱਜੀ ਸਕੂਲਾਂ ਵਿਚ ਤੁਰੰਤ ਛੁੱਟੀ ਕਰਕੇ ਬੱਚਿਆਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ। ਖ਼ਬਰ ਫੈਲਦਿਆਂ ਹੀ ਬੱਚਿਆਂ ਦੇ ਮਾਪਿਆਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਤੁਰੰਤ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਭੱਜੇ। ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਦੇ ਸੂਬਾਈ ਆਗੂ ਸ਼ਿਆਮ ਲਾਲ ਅਰੋੜਾ ਨੇ ਦੱਸਿਆ ਕਿ ਈ-ਮੇਲ ਵਿਚ ਸ਼ਹਿਰ ਦੇ ਕਈ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਦੇ ਲਿਹਾਜ਼ ਨਾਲ ਸਾਰੇ ਸੰਬੰਧਿਤ ਸਕੂਲਾਂ ਨੂੰ ਤੁਰੰਤ ਖ਼ਾਲੀ ਕਰਵਾ ਲਿਆ ਗਿਆ ਹੈ। ਡੀ.ਏ.ਵੀ. ਸਕੂਲ ਦੀ ਪ੍ਰਿੰਸੀਪਲ ਸਮਿਤਾ ਸ਼ਰਮਾ ਨੇ ਦੱਸਿਆ ਕਿ ਸਵੇਰੇ ਲਗਭਗ 8:51 ਵਜੇ ਸਕੂਲ ਦੀ ਈ-ਮੇਲ ’ਤੇ ਬੰਬ ਦੀ ਧਮਕੀ ਮਿਲੀ। ਉਨ੍ਹਾਂ ਤੁਰੰਤ ਪੁਲਿਸ ਅਤੇ ਐੱਸ.ਡੀ.ਐਮ. ਨੂੰ ਸੂਚਿਤ ਕੀਤਾ ਅਤੇ ਪ੍ਰਸ਼ਾਸਨਿਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ। ਦੂਜੇ ਪਾਸੇ, ਪਿੰਡ ਬੁਰਜ ਮੁਹਾਰ ਸਥਿਤ ਮਾਡਰਨ ਮਾਲਵਾ ਸਕੂਲ ਨੂੰ ਵੀ ਸਵੇਰੇ 9:34 ਵਜੇ ਅਜਿਹੀ ਹੀ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਸਕੂਲ ਪ੍ਰਬੰਧਕਾਂ ਨੇ ਤੁਰੰਤ ਸਦਰ ਥਾਣਾ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਕੂਲ ਵੈਨਾਂ ਰਾਹੀਂ ਬੱਚਿਆਂ ਨੂੰ ਸੁਰੱਖਿਅਤ ਘਰਾਂ ਵੱਲ ਰਵਾਨਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ। ਥਾਣਾ ਸਦਰ ਦੇ ਇੰਚਾਰਜ ਕੁਲਦੀਪ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਈ-ਮੇਲ ਦੀ ਤਕਨੀਕੀ ਜਾਂਚ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।