ਜ਼ੀਰਕਪੁਰ, 30 ਜੁਲਾਈ (ਹੈਪੀ ਪੰਡਵਾਲਾ)-ਜੰਗਲਾਤ ਵਿਭਾਗ ਨੇ ਬਰਨਾਲਾ ਤੋਂ ਬਿਮਾਰ ਤੇ ਲਾਵਾਰਿਸ ਹਾਲਤ ‘ਚ ਮਿਲੀ 55 ਸਾਲਾ ਹਥਣੀ ਨੂੰ ਸਫ਼ਲਤਾਪੂਰਵਕ ਬਚਾ ਲਿਆ ਹੈ। ‘ਲੱਛਮੀ’ ਨਾਂਅ ਦੀ ਇਸ ਹਥਣੀ ਦੀ ਹਾਲਤ ਨਾਜ਼ੁਕ ਸੀ, ਜਿਸ ਨੂੰ ਤੁਰੰਤ ਮਾਹਿਰਾਂ ਦੀ ਦੇਖ-ਰੇਖ ਹੇਠ ਇਲਾਜ ਲਈ ਛੱਤਬੀੜ ਚਿੜੀਆਘਰ ਭੇਜਿਆ ਗਿਆ। ਚਿੜੀਆਘਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭਾਗ ਨੂੰ 28 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ ‘ਚ ਇਕ ਬਜ਼ੁਰਗ ਹਥਣੀ ਨੂੰ ਲਾਵਾਰਿਸ ਹਾਲਤ ‘ਚ ਘੁੰਮਾਇਆ ਜਾ ਰਿਹਾ ਹੈ, ਜਿਸ ਦੀ ਹਾਲਤ ਨਾਜੁਕ ਬਣੀ ਹੋਈ ਹੈ। ਇਸ ਤੋਂ ਬਾਅਦ ਡੀ. ਐੱਫ. ਓ. ਸੰਗਰੂਰ ਦੀ ਅਗਵਾਈ ਹੇਠ ਟੀਮ ਨੇ ਹੰਢਿਆਇਆ ਚੌਕ ਨੇੜੇ ਕਾਰਵਾਈ ਕਰਦਿਆਂ ਹਥਣੀ ਨੂੰ ਆਪਣੇ ਕਬਜ਼ੇ ‘ਚ ਲਿਆ। ਉਪਰੰਤ ਡਾਕਟਰੀ ਜਾਂਚ ਦੌਰਾਨ ਪਤਾ ਚੱਲਿਆ ਕਿ ਹਥਣੀ ਡੀ-ਹਾਈਡ੍ਰੇਸ਼ਨ ਤੇ ਕੁਪੋਸ਼ਣ ਦੀ ਸ਼ਿਕਾਰ ਹੈ ਅਤੇ ਉਸ ਦੀ ਇਕ ਅੱਖ ਦੀ ਨਜ਼ਰ ਵੀ ਲਗਭਗ ਜਾ ਚੁੱਕੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਥਣੀ ਦੀ ਮਾਲਕੀ ਲੁਧਿਆਣਾ ਦੇ ਜੈ ਰਾਮ ਦੇ ਨਾਂਅ ‘ਤੇ ਦਰਜ ਹੈ ਪਰ ਇਸ ਨੂੰ ਬਿਨਾਂ ਮੁੱਖ ਜੰਗਲੀ ਜੀਵ ਵਾਰਡਨ ਦੀ ਮਨਜ਼ੂਰੀ ਦੇ ਲੁਧਿਆਣਾ ਤੋਂ ਬਰਨਾਲਾ ਲਿਆਂਦਾ ਗਿਆ ਸੀ, ਜੋ ਕਿ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਹੈ। 29 ਜੁਲਾਈ ਨੂੰ ਹਾਥੀਆਂ ਦੇ ਮਾਹਿਰਾਂ ਅਤੇ ਸੀਨੀਅਰ ਵੈਟਰਨਰੀ ਅਧਿਕਾਰੀਆਂ ਦੀ ਟੀਮ ਨੇ ਜਾਂਚ ਤੋਂ ਬਾਅਦ ਇਸ ਨੂੰ ਵਿਸ਼ੇਸ਼ ਇਲਾਜ ਅਤੇ ਨਿਰੰਤਰ ਨਿਗਰਾਨੀ ‘ਚ ਰੱਖਣ ਦੀ ਸਲਾਹ ਦਿੱਤੀ। ਮੁੱਖ ਜੰਗਲੀ ਜੀਵ ਵਾਰਡਨ ਬਸੰਤ ਰਾਜ ਕੁਮਾਰ ਦੇ ਹੁਕਮਾਂ ‘ਤੇ ਹਥਣੀ ਨੂੰ ਤੁਰੰਤ ਛੱਤਬੀੜ ਚਿੜੀਆਘਰ ਤਬਦੀਲ ਕੀਤਾ ਗਿਆ। ਇਸ ਦੇ ਨਾਲ ਹੀ ਮਾਲਕੀ ਸਰਟੀਫ਼ਿਕੇਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਦਿਆਂ ਜੈ ਰਾਮ, ਕਬੀਰਦਾਸ, ਬਾਲੀ ਤੇ ਸਿਰਤਾਜ ਅਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਭਾਗ ਮੁਤਾਬਿਕ ਛੱਤਬੀੜ ਚਿੜੀਆਘਰ ‘ਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ‘ਲੱਛਮੀ’ ਦਾ ਇਲਾਜ ਜਾਰੀ ਹੈ ਅਤੇ ਉਸ ਦੀ ਸਿਹਤ ‘ਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।