ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀ ਸਿਆਸੀ ਬਿਸਾਤ ’ਤੇ ‘ਆਪ’ ਦੇ ਨਵੇਂ ਮੋਹਰੇ, ਚੁਣੌਤੀਆਂ ਤੇ ਸਮੀਕਰਨ ਨਵੇਂ ਚਿਹਰੇ ਲਗਾਉਣਗੇ ਬੇੜੀ ਪਾਰ ਜਾਂ ਅੰਦਰੂਨੀ ਖਿੱਚੋਤਾਣ ਪਾਵੇਗੀ ਬੇੜੀਆਂ ’ਚ ਵੱਟੇ
ਅਜੀਤ ਡੈਸਕ
31-07-2026
ਦੀਨਾਨਗਰ, 30 ਜੁਲਾਈ-ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਪੰਜਾਬ ਦੀ ਸਿਆਸਤ ਵਿਚ ਹਮੇਸ਼ਾ ਇਕ ਵੱਡੇ ਸਿਆਸੀ ਧੁਰੇ ਵਜੋਂ ਦੇਖਿਆ ਜਾਂਦਾ ਰਿਹਾ ਹੈ। ਰਾਜਨੀਤਕ ਦ੍ਰਿਸ਼ ’ਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਇਸ ਲਈ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਇਹ ਦੋਵੇਂ ਜ਼ਿਲ੍ਹੇ ਇਕ ਹੀ ਲੋਕ ਸਭਾ ਹਲਕੇ ਗੁਰਦਾਸਪੁਰ ਦਾ ਹਿੱਸਾ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿਚ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ ਪਰ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਦੇ 10 ਵਿਧਾਨ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਆਪਣੀਆਂ ਵਿਰੋਧੀ ਪਾਰਟੀਆਂ ਦਾ ਗੜ੍ਹ ਜਿੱਤਣ ’ਚ ਨਕਾਮ ਰਹੀ ਸੀ ਅਤੇ ਸਿਰਫ ਤਿੰਨ ਵਿਧਾਨ ਸਭਾ ਹਲਕਿਆਂ ਬਟਾਲਾ, ਸ੍ਰੀ ਹਰਗੋਬਿੰਦਪੁਰ ਅਤੇ ਭੋਆ ’ਚ ਹੀ ਜਿੱਤ ਹਾਸਲ ਕਰ ਸਕੀ ਸੀ। ਭਾਵੇਂ ਕਿ ਹਾਲ ਹੀ ਵਿਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਮਜ਼ਬੂਤ ਹੋ ਕੇ ਉਭਰੀ ਹੈ ਅਤੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਹੌਂਸਲੇ ਬੁਲੰਦ ਕੀਤੇ ਹਨ ਪਰ ਹੁਣ ਜਦੋਂ ਅਸਲ ਪ੍ਰੀਖਿਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀਆਂ ਸਾਰੀਆਂ ਦੱਸ ਵਿਧਾਨ ਸਭਾ ਸੀਟਾਂ ਉੱਪਰ ਆਪਣੀ ਪਾਰਟੀ ਦੀ ਪਕੜ ਮਜ਼ਬੂਤ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਇਨ੍ਹਾਂ ਦੋਵੇਂ ਜ਼ਿਲ੍ਹਿਆਂ ਅੰਦਰ ਅਗਲੀਆਂ ਚੋਣਾਂ ਦੇ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਡਾ ਕਦਮ ਆਮ ਆਦਮੀ ਪਾਰਟੀ ਵਲੋਂ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਤਿੰਨ ਮੁੱਖ ਵਿਧਾਨ ਸਭਾ ਹਲਕਿਆਂ ਕਾਦੀਆਂ, ਸੁਜਾਨਪੁਰ ਅਤੇ ਫਤਿਹਗੜ ਚੂੜੀਆਂ ᾿ਚ ਹਲਕਾ ਇੰਚਾਰਜਾਂ ਦਾ ਕੀਤਾ ਗਿਆ ਵੱਡਾ ਫ਼ੇਰਬਦਲ ਹੈ। ਪਾਰਟੀ ਨੇ ਅਪਣੇ ਕਈ ਪੁਰਾਣੇ ਅਤੇ ਵਫ਼ਾਦਾਰ ਆਗੂਆਂ ਨੂੰ ਲਾਂਭੇ ਕਰਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਰਸੂਖਦਾਰ ਨੇਤਾਵਾਂ ਜਾਂ ਵੱਡੇ ਕਾਰੋਬਾਰੀਆਂ ‘ਤੇ ਦਾਅ ਖੇਡਿਆ ਹੈ। ਫਤਿਹਗੜ੍ਹ ਚੂੜੀਆਂ ਤੋਂ 2022 ’ਚ ਚੋਣ ਲੜ ਚੁੱਕੇ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਹੇ ਅਤੇ ਪਨਸਪ ਦੇ ਸਾਬਕਾ ਚੇਅਰਮੈਨ ਬਲਬੀਰ ਪੰਨੂ ਨੂੰ ਹਟਾ ਕੇ ਨੌਜਵਾਨ ਆਗੂ ਹਰਜੋਬਨਜੀਤ ਸਿੰਘ ਰੰਧਾਵਾ ਜੋ ਕਿ ਮੌਜਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਵੀ ਹੈ, ਨੂੰ ਅੱਗੇ ਲਿਆਉਣਾ, ਕਾਦੀਆਂ ’ਚੋਂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੂੰ ਹਟਾ ਕੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਗੁਰਇਕਬਾਲ ਸਿੰਘ ਮਾਹਲ ਨੂੰ ਅੱਗੇ ਲਿਆਉਣਾ ਅਤੇ ਸੁਜਾਨਪੁਰ ਵਿਚ ਹਲਕਾ ਇੰਚਾਰਜ ਅਮਿਤ ਮੰਟੂ ਨੂੰ ਹਟਾ ਕੇ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਨੂੰ ਜ਼ਿੰਮੇਵਾਰੀ ਸੌਂਪਣਾ, ਇਹ ਸਾਰੇ ਫ਼ੈਸਲੇ ਦਰਸਾਉਂਦੇ ਹਨ ਕਿ ਆਮ ਆਦਮੀ ਪਾਰਟੀ ਇਥੇ ਪੁਰਾਣੀ ਲੀਡਰਸ਼ਿਪ ਨੂੰ ਬਦਲ ਕੇ ਜਿੱਤਣ ਵਾਲੇ ਘੋੜਿਆਂ ‘ਤੇ ਦਾਅ ਲਗਾ ਰਹੀ ਹੈ। ਇਨ੍ਹਾਂ ਫੈਸਲਿਆਂ ਨਾਲ ਆਮ ਆਦਮੀ ਪਾਰਟੀ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ 2027 ਦੀਆਂ ਚੋਣਾਂ ਵਿਚ ਸਿਰਫ਼ ਪਾਰਟੀ ਨਾਲ ਪੁਰਾਣੇ ਜੁੜੇ ਹੋਣਾ ਜਾਂ ਪਾਰਟੀ ਪ੍ਰਤੀ ਵਫ਼ਾਦਾਰੀ ਹੀ ਨਹੀਂ, ਸਗੋਂ ਜਨਤਾ ਵਿਚ ਮੌਜੂਦਾ ਪਕੜ ਅਤੇ ਵੋਟ ਬੈਂਕ ਵੀ ਟਿਕਟ ਦਾ ਮੁੱਖ ਆਧਾਰ ਹੋਵੇਗਾ। ਆਮ ਆਦਮੀ ਪਾਰਟੀ ਵਲੋਂ ਕੀਤੇ ਇਨ੍ਹਾਂ ਸੰਗਠਨਾਤਮਕ ਬਦਲਾਵਾਂ ਨੇ ਜਿਥੇ ਪਾਰਟੀ ਲਈ ਨਵੇਂ ਸਮੀਕਰਨ ਸਿਰਜੇ ਹਨ, ਉਥੇ ਹੀ ਅੰਦਰੂਨੀ ਖਿੱਚੋਤਾਣ ਨੂੰ ਵੀ ਜਨਮ ਦਿੱਤਾ ਹੈ। ਪੁਰਾਣੇ ਵਰਕਰ ਅਤੇ ਬਦਲੇ ਗਏ ਹਲਕਾ ਇੰਚਾਰਜ ਜਿਨ੍ਹਾਂ ਨੇ ਚਾਰ-ਪੰਜ ਸਾਲ ਪਾਰਟੀ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ, ਹੁਣ ਖ਼ੁਦ ਨੂੰ ਹਾਸ਼ੀਏ ‘ਤੇ ਮਹਿਸੂਸ ਕਰ ਰਹੇ ਹਨ। ਕੁਝ ਹੋਰਨਾਂ ਹਲਕਿਆਂ ਅੰਦਰ ਹਲਕਾ ਇੰਚਾਰਜੀ ਹਾਸਲ ਕਰਨ ਲਈ ਪਰ ਤੋਲ ਰਹੇ ਧੜ੍ਹਿਆਂ ਨੇ ਵੀ ਪਾਰਟੀ ਹਾਈਕਮਾਨ ᾿ਤੇ ਦਬਾਅ ਵਧਾਉਣ ਲਈ ਆਪਣੀ ਲੜਾਈ ਤੇਜ਼ ਕਰ ਦਿੱਤੀ ਹੈ। ਕਈ ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਨਾਲ ਜੁੜੇ ਲੋਕ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਅਗਲੀਆਂ ਚੋਣਾਂ ਹਰ ਹਾਲ ਵਿਚ ਲੜਨਗੇ, ਚਾਹੇ ਪਾਰਟੀ ਟਿਕਟ ਦੇਵੇ ਜਾਂ ਨਾ। ਅਜਿਹੇ ਵਿਚ ਜੇਕਰ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਵਰਕਰਾਂ ਨੂੰ ਮਨਾਉਣ ਜਾਂ ਸਪਸ਼ਟ ਲਕੀਰ ਖਿੱਚਣ ਵਿਚ ਨਾਕਾਮ ਰਹਿੰਦੀ ਹੈ ਤਾਂ ਵੋਟਾਂ ਦੇ ਖਿੰਡਣ ਦਾ ਖ਼ਤਰਾ ਸਭ ਤੋਂ ਵੱਧ ਹੋਵੇਗਾ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਆਮ ਆਦਮੀ ਪਾਰਟੀ ਦਾ ਰਾਹ ਕੋਈ ਬਹੁਤਾ ਪੱਧਰਾ ਵੀ ਨਹੀਂ ਹੈ। ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਦਿੱਗਜਾਂ ਦੀ ਅਗਵਾਈ ਵਿਚ ਗੁਰਦਾਸਪੁਰ ਜ਼ਿਲ੍ਹੇ ਵਿਚ ਮਜ਼ਬੂਤ ਹੈ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪਠਾਨਕੋਟ ਜ਼ਿਲ੍ਹੇ ਅੰਦਰ ਮਜਬੂਤ ਹੈ। ਕਾਂਗਰਸ ਲਗਾਤਾਰ ਪੰਜਾਬ ਸਰਕਾਰ ਨੂੰ ਨਸ਼ਿਆਂ, ਕਾਨੂੰਨ ਵਿਵਸਥਾ ਅਤੇ ਗੈਂਗਸਟਰਵਾਦ ਦੇ ਮੁੱਦਿਆਂ ‘ਤੇ ਘੇਰ ਰਹੀ ਹੈ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਵੀ ਹਿੰਦੂ ਬਹੁਗਿਣਤੀ ਵਾਲੀਆਂ ਸੀਟਾਂ ਪਠਾਨਕੋਟ, ਸੁਜਾਨਪੁਰ, ਭੋਆ ਅਤੇ ਦੀਨਾਨਗਰ ᾿ਚ ਆਪਣਾ ਫੋਕਸ ਵਧਾ ਰਹੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਨਵੇਂ ਪੰਥਕ ਸਮੀਕਰਨਾਂ ਵਜੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਫੈਕਟਰ ਪੇਂਡੂ ਵੋਟ ਬੈਂਕ ਵਿਚ ਨਵੇਂ ਉਲਟਫੇਰ ਕਰ ਸਕਦੇ ਹਨ ਪਰ ਬਾਵਜੂਦ ਇਸ ਦੇ ਇਨ੍ਹਾਂ ਜ਼ਿਲ੍ਹਿਆਂ ਅੰਦਰ ਆਮ ਆਦਮੀ ਪਾਰਟੀ ਦੇ ਅਗਲੀਆਂ ਚੋਣਾਂ ਦੇ ਸਮੀਕਰਨ ਪੂਰੀ ਤਰ੍ਹਾਂ ਇਸ ਗੱਲ ‘ਤੇ ਨਿਰਭਰ ਕਰਨਗੇ ਕਿ ਉਹ ਨਵੇਂ ਬਣਾਏ ਗਏ ਹਲਕਾ ਇੰਚਾਰਜਾਂ ਸਵਰਨ ਸਲਾਰੀਆ, ਹਰਜੋਬਨਜੀਤ ਸਿੰਘ ਰੰਧਾਵਾ ਅਤੇ ਗੁਰਇਕਬਾਲ ਸਿੰਘ ਮਾਹਲ ਦੇ ਜ਼ਰੀਏ ਜਨਤਾ ਨੂੰ ਕਿੰਨਾ ਪ੍ਰਭਾਵਿਤ ਕਰ ਪਾਉਂਦੇ ਹਨ।