ਜਲੰਧਰ, 31 ਜੁਲਾਈ (ਅਜੀਤ ਬਿਊਰੋ)-ਲਗਾਤਾਰ ਹੋ ਰਹੀ ਭਾਰੀ ਮੌਨਸੂਨੀ ਬਾਰਿਸ਼ ਨੇ ਅਸਾਮ ਵਿਚ ਭਿਆਨਕ ਤਬਾਹੀ ਮਚਾ ਦਿੱਤੀ ਹੈ। ਦਰਿਆ ਆਪਣੇ ਕੰਢਿਆਂ ਤੋਂ ਉੱਪਰ ਵਹਿਣ ਲੱਗੇ ਹਨ, ਜਿਸ ਕਾਰਨ ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਹਜ਼ਾਰਾਂ ਪਰਿਵਾਰ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ, ਜਦਕਿ ਘਰ, ਸਕੂਲ ਅਤੇ ਖੇਤੀਬਾੜੀ ਦੀ ਜ਼ਮੀਨ ਹੜ੍ਹ ਦੇ ਪਾਣੀ ਵਿਚ ਸਮਾ ਗਈ ਹੈ। ਮੌਸਮੀ ਬਾਰਿਸ਼ ਹੁਣ ਇਕ ਵੱਡੀ ਮਨੁੱਖੀ ਤਰਾਸਦੀ ਵਿਚ ਬਦਲ ਚੁੱਕੀ ਹੈ, ਜਿਸ ਨੇ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਰਿਵਾਰ ਅਸਥਾਈ ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ, ਜਦਕਿ ਬੱਚੇ ਭੋਜਨ, ਸਾਫ਼ ਪੀਣ ਵਾਲੇ ਪਾਣੀ ਅਤੇ ਲੋੜੀਂਦੀਆਂ ਦਵਾਈਆਂ ਦੀ ਉਡੀਕ ਕਰ ਰਹੇ ਹਨ। ਇਸ ਸੰਕਟ ਦੀ ਘੜੀ ਵਿਚ ਯੂਨਾਈਟਿਡ ਸਿੱਖਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸੰਸਥਾ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਪੱਕਾ ਭੋਜਨ, ਸਾਫ਼ ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾ ਰਹੇ ਹਨ। ਰਾਹਤ ਸਮੱਗਰੀ ਦੀ ਪਹਿਲੀ ਖੇਪ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਪਹੁੰਚ ਚੁੱਕੀ ਹੈ, ਤਾਂ ਜੋ ਕਿਸੇ ਵੀ ਪਰਿਵਾਰ ਤੱਕ ਮਦਦ ਪਹੁੰਚਣ ਵਿਚ ਦੇਰੀ ਨਾ ਹੋਵੇ। ਸੰਸਥਾ ਦੇ ਸੇਵਾਦਾਰ ਅਤੇ ਕਮਿਊਨਿਟੀ ਆਗੂ ਦਿਨ-ਰਾਤ ਪ੍ਰਭਾਵਿਤ ਪਰਿਵਾਰਾਂ ਤੱਕ ਰਾਹਤ ਪਹੁੰਚਾਉਣ ਲਈ ਕੰਮ ਕਰ ਰਹੇ ਹਨ।