ਬਲੋਚ ਲਿਬਰੇਸ਼ਨ ਆਰਮੀ ਵਲੋਂ ਪਾਕਿਸਤਾਨੀ ਫ਼ੌਜ ਦੇ 32 ਸੈਨਿਕਾਂ ਨੂੰ ਮਾਰਨ ਦਾ ਦਾਅਵਾ
ਅੰਮ੍ਰਿਤਸਰ, 12 ਅਗਸਤ-ਪਾਕਿਸਤਾਨ ਦੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.
ਅੰਮ੍ਰਿਤਸਰ, 12 ਅਗਸਤ-ਪਾਕਿਸਤਾਨ ਦੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਬਲੋਚਿਸਤਾਨ ‘ਚ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਉਂਦੇ ਹੋਏ 38 ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਸ ‘ਚ 32 ਤੋਂ ਵੱਧ ਸੈਨਿਕ ਅਤੇ ਉਨ੍ਹਾਂ ਦੇ ਸਹਿਯੋਗੀ ਮਾਰੇ ਗਏ ਅਤੇ ਵੱਡੀ ਗਿਣਤੀ ‘ਚ ਹੋਰ ਜ਼ਖ਼ਮੀ ਹੋਏ ਹਨ। ਬੀ. ਐੱਲ. ਏ. ਵਲੋਂ ਜਾਰੀ ਬਿਆਨ ‘ਚ ਸਮੂਹ ਦੇ ਬੁਲਾਰੇ ਜਿਯੰਦ ਬਲੋਚ ਨੇ ਕਿਹਾ ਕਿ ਹਮਲਿਆਂ ਦੌਰਾਨ ਹਥਿਆਰਬੰਦ ਸਮੂਹ ਨੇ ਪਾਕਿਸਤਾਨੀ ਫ਼ੌਜੀ ਕਾਫ਼ਲਿਆਂ, ਕੈਂਪਾਂ, ਪੈਦਲ ਯੂਨਿਟਾਂ, ਪੁਲਾਂ, ਰੇਲਵੇ ਲਾਈਨਾਂ, ਪੁਲਿਸ ਚੌਕੀਆਂ ਅਤੇ ਮਾਲ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਬੀ. ਐੱਲ. ਏ. ਨੇ ਆਪਣੇ ਮੀਡੀਆ ਗਰੁੱਪ ‘ਹਕਾਲ’ ’ਤੇ ਹਮਲਿਆਂ ਬਾਰੇ 48 ਸਕਿੰਟ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ‘ਚ ਡਰੋਨ ਨਾਲ ਫ਼ੌਜੀ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਵੇਖਿਆ ਜਾ ਸਕਦਾ ਹੈ।ਬਿਆਨ ਅਨੁਸਾਰ ਬੀ. ਐੱਲ. ਏ. ਦੇ ਲੜਾਕਿਆਂ ਨੇ ਕਈ ਫ਼ੌਜੀ ਵਾਹਨਾਂ, ਕਵਾਡਕਾਪਟਰ, ਪੁਲਾਂ ਅਤੇ ਰੇਲਵੇ ਪਟੜੀਆਂ ਨੂੰ ਉਡਾ ਦਿੱਤਾ, ਜਦੋਂਕਿ ਇਕ ਪੁਲਿਸ ਚੌਕੀ ’ਤੇ ਕਬਜ਼ਾ ਵੀ ਕੀਤਾ। ਸਮੂਹ ਨੇ ਫ਼ੌਜੀ ਉਪਕਰਨਾਂ ਨੂੰ ਜ਼ਬਤ ਕਰ ਲਿਆ ਅਤੇ ਇਕ ਪਾਕਿਸਤਾਨੀ ਫ਼ੌਜ ਦੇ ਖ਼ੁਫ਼ੀਆ ਕਾਰਜਕਾਰੀ ਨੂੰ ਮਾਰ ਦਿੱਤਾ। ਬੀ. ਐੱਲ. ਏ. ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਚਗਾਈ ਜ਼ਿਲ੍ਹੇ ਦੇ ਯਾਕਮਾਚ ਖੇਤਰ ’ਚ ਜੋਜ਼ਕੀ ਵਪਾਰ ਮਾਰਗ ’ਤੇ ਇਕ ਪੁਲ ਨੂੰ ਤਬਾਹ ਕਰ ਦਿੱਤਾ ਅਤੇ ਫਿਰ ਉਸੇ ਸਥਾਨ ’ਤੇ ਪਾਕਿਸਤਾਨੀ ਫ਼ੌਜੀ ਅਤੇ ਵਪਾਰਕ ਵਾਹਨਾਂ ’ਤੇ ਹਮਲਾ ਕੀਤਾ। ਇਹ ਹਮਲਾ ਕਥਿਤ ਤੌਰ ’ਤੇ ਲਗਭਗ 40 ਮਿੰਟ ਚੱਲਿਆ, ਜਿਸ ’ਚ ਕਈ ਪਾਕਿਸਤਾਨੀ ਫ਼ੌਜ ਦੇ ਸੈਨਿਕ ਮਾਰੇ ਗਏ। ਲੜਾਕਿਆਂ ਨੇ ਦਾਲਬੰਦੀਨ ਦੇ ਬਾਰਤਾਗਾਜ਼ੀ ਖੇਤਰ ’ਚ ਅਤੇ ਕੋਇਟਾ-ਤਫਤਾਨ ਰੂਟ ’ਤੇ ਇਕ ਗੈਸ ਪਲਾਂਟ ਦੇ ਨੇੜੇ ਵੀ ਫ਼ੌਜੀ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਬੀ. ਐੱਲ. ਏ. ਵਲੋਂ ਜਾਰੀ ਬਿਆਨ ਅਨੁਸਾਰ ਸਮੂਹ ਦੇ ਲੜਾਕਿਆਂ ਨੇ ਨੋਸ਼ਕੀ ਦੇ ਨੇੜੇ ਸੁਲਤਾਨ ਚਰਹਾਈ ਅਤੇ ਖਾਰਨ ਦੇ ਡਾਲੀ ਖੇਤਰ ’ਚ ਵੀ ਪਾਕਿਸਤਾਨੀ ਫ਼ੌਜੀ ਕੈਂਪਾਂ ’ਤੇ ਹਮਲਾ ਕੀਤਾ।