ਸਿੱਖ ਪੰਥ ਤੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕੀਤੇ ਬਿਨਾਂ ਭਾਜਪਾ ਨਾਲ ਸਮਝੌਤਾ ਸੰਭਵ ਨਹੀਂ-ਗਿਆਨੀ ਹਰਪ੍ਰੀਤ ਸਿੰਘ
ਕਿਹਾ, ਸੁਖਬੀਰ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ’ਤੇ ਹਮਲੇ ਕਿਉਂਂ ਹੋ ਰਹੇ ਹਨ
ਮਲੇਰਕੋਟਲਾ (ਸੰਗਰੂਰ), 16 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਕੌਮੀ ਹਿਤਾਂ ਦੀ ਚੜ੍ਹਦੀ ਕਲ੍ਹਾ ਦੀ ਖਾਤਰ ਅਸੀਂ ਤਾਂ ਪੰਥਕ ਏਕਤਾ ਲਈ ਸਦਾ ਹੀ ਯਤਨਸ਼ੀਲ ਹਾਂ ਪਰ ਕੁਰਸੀ ਨੂੰ ਲੈ ਕੇ ਅੱਧੀ ਦਰਜਨ ਪਾਰਟੀਆਂ ਬਦਲਣ ਵਾਲੇ ਆਗੂ ਪੰਥ ਦੇ ਵਫ਼ਾਦਾਰ ਨਹੀਂ ਮੰਨੇ ਜਾ ਸਕਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕੀਤਾ।
ਮਲੇਰਕੋਟਲਾ (ਸੰਗਰੂਰ), 16 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਕੌਮੀ ਹਿਤਾਂ ਦੀ ਚੜ੍ਹਦੀ ਕਲ੍ਹਾ ਦੀ ਖਾਤਰ ਅਸੀਂ ਤਾਂ ਪੰਥਕ ਏਕਤਾ ਲਈ ਸਦਾ ਹੀ ਯਤਨਸ਼ੀਲ ਹਾਂ ਪਰ ਕੁਰਸੀ ਨੂੰ ਲੈ ਕੇ ਅੱਧੀ ਦਰਜਨ ਪਾਰਟੀਆਂ ਬਦਲਣ ਵਾਲੇ ਆਗੂ ਪੰਥ ਦੇ ਵਫ਼ਾਦਾਰ ਨਹੀਂ ਮੰਨੇ ਜਾ ਸਕਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕੀਤਾ। ਗਿਆਨੀ ਹਰਪ੍ਰੀਤ ਸਿੰਘ ਮਲੇਰਕੋਟਲਾ ਸਥਿਤ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਮੰਡੀਆਂ ਦੇ ਘਰ ਪਹੁੰਚੇ ਸਨ। ਸੁਖਬੀਰ ਸਿੰਘ ਬਾਦਲ ’ਤੇ ਹਮਲੇ ਸਬੰਧੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਸਬੰਧੀ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ’ਤੇ ਵਾਰ ਵਾਰ ਹਮਲੇ ਕਿਉਂ ਹੋ ਰਹੇ ਹਨ। ਪਾਰਟੀ ਛੱਡ ਜਾਣ ਵਾਲੇ ਆਗੂਆਂ ਸੰਬੰਧੀ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਹੈ ਜੇਕਰ ਕੋਈ ਇੱਕ ਸਿਆਸੀ ਆਗੂ ਜਾਂਦਾ ਹੈ ਤਾਂ ਉਨ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਹੋਰ ਆ ਕੇ ਰਲ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਸਮੂਹ ਅਕਾਲੀ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਭਾਜਪਾ ਨਾਲ ਸਮਝੌਤੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕੀਤੇ ਬਿਨਾਂ ਸਮਝੌਤਾ ਸੰਭਵ ਨਹੀਂ ਹੈ। ਇਸ ਮੌਕੇ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਸਾਬਕਾ ਚੇਅਰਮੈਨ ਹਰਦੀਪ ਸਿੰਘ ਖੱਟੜਾ, ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ, ਮਹਿੰਦਰ ਸਿੰਘ ਨਾਰੀਕੇ, ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਂਦਾ, ਤੁਫੈਲ ਮਲਿਕ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਕੁਲਜਿੰਦਰ ਸਿੰਘ ਬੁੰਗਾ, ਲਾਲ ਸਿੰਘ ਚੱਕ, ਅੰਬੂ ਰਾਮ ਨਰਸੌਤ, ਨਸੀਰ ਭੱਟੀ, ਸਰਪੰਚ ਕੁਲਜਿੰਦਰ ਸਿੰਘ ਬੁੰਗਾ, ਜਤਿੰਦਰ ਸਿੰਘ ਮਹੌਲੀ, ਤਰਸੇਮ ਸਿੰਘ ਨਾਰੋਮਾਜਰਾ ਸਣੇ ਕਈ ਸੀਨੀਅਰ ਆਗੂ ਹਾਜ਼ਰ ਸਨ। ਜੇਕਰ ਹਲਕਾ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜਨਗੇ ਤਾਂ ਉਨ੍ਹਾਂ ਦੀ ਹਮਾਇਤ ਕੀਤੀ ਜਾਵੇਗੀ-ਗਿਆਨੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੇ ਆਖਿਆ ਕਿ ਜੇਕਰ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਅਗਾਮੀ ਵਿਧਾਨ ਸਭਾ ਚੋਣ ਪੰਥਕ ਆਗੂ ਸਿਮਰਨਜੀਤ ਸਿੰਘ ਮਾਨ ਲੜਨਗੇ ਤਾਂ ਸਾਡੀ ਪਾਰਟੀ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਜਾਵੇਗਾ । ਉਨ੍ਹਾਂ ਆਖਿਆ ਕਿ ਸਿਮਰਨਜੀਤ ਸਿੰਘ ਮਾਨ ਇੱਕ ਪੰਥਕ ਆਗੂ ਹਨ ਉਨ੍ਹਾਂ ਦੇ ਮੁਕਾਬਲੇ ਤੇ ਪਾਰਟੀ ਵੱਲੋਂ ਹਲਕਾ ਅਮਰਗੜ੍ਹ ਤੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਹੋ ਸਕਿਆ ਤਾਂ ਉਹ ਖੁਦ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਦਾ ਹਿੱਸਾ ਬਣਨਗੇ । ਪਿਛਲੀ ਵਿਧਾਨ ਸਭਾ ਚੋਣ ਦੌਰਾਨ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਚੋਣ ਲੜੇ ਸਨ ਤੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ।