ਸੜਕ ਦੀ ਵੀਡੀਓ ਤੋਂ ਬਾਅਦ ਮੁਆਇਨਾ ਕਰਨ ਪਹੁੰਚੇ ਮੰਤਰੀ ਹਰਭਜਨ ਸਿੰਘ ਈ.ਟੀ.ਓ.
ਮੌੜ ਮੰਡੀ, 23 ਅਗਸਤ (ਗੁਰਜੀਤ ਸਿੰਘ ਕਮਾਲੂ)-ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਪਿੰਡ ਦੇ ਕੁਝ ਲੋਕ ਨਵੀਂ ਬਣ ਰਹੀ ਸੜਕ ਦੇ ਮਟੀਰੀਅਲ ’ਤੇ ਸਵਾਲ ਚੁੱਕ ਰਹੇ ਸਨ ਅਤੇ ਬਣੀ ਹੋਈ ਸੜਕ ਨੂੰ ਹੱਥਾਂ ਨਾਲ ਪੁੱਟ ਰਹੇ ਸਨ। ਇਸ ਵੀਡੀਓ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਵੀ ਸਾਂਝੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀ.
ਮੌੜ ਮੰਡੀ, 23 ਅਗਸਤ (ਗੁਰਜੀਤ ਸਿੰਘ ਕਮਾਲੂ)-ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਪਿੰਡ ਦੇ ਕੁਝ ਲੋਕ ਨਵੀਂ ਬਣ ਰਹੀ ਸੜਕ ਦੇ ਮਟੀਰੀਅਲ ’ਤੇ ਸਵਾਲ ਚੁੱਕ ਰਹੇ ਸਨ ਅਤੇ ਬਣੀ ਹੋਈ ਸੜਕ ਨੂੰ ਹੱਥਾਂ ਨਾਲ ਪੁੱਟ ਰਹੇ ਸਨ। ਇਸ ਵੀਡੀਓ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਵੀ ਸਾਂਝੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀ.ਡਬਲਿਉ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਸੜਕ ਦਾ ਖ਼ੁਦ ਮੁਆਇਨਾ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਅੱਜ ਸਵੇਰ ਸਮੇਂ ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ, ਪੀ. ਡਬਲਿਉ. ਡੀ. ਦੇ ਅਧਿਕਾਰੀਆਂ ਅਤੇ ਮੀਡੀਆ ਨੂੰ ਨਾਲ ਲੈ ਕੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸੜਕ ਦਾ ਮੁਆਇਨਾ ਕਰਨ ਪਹੁੰਚੇ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਸੜਕ ਦੇ ਨਮੂਨੇ ਲਏ ਗਏ, ਜੋ ਕਿ ਪੀ.ਡਬਲਿਉ.ਡੀ. ਦੇ ਅਧਿਕਾਰੀਆਂ ਮੁਤਾਬਿਕ ਸਹੀ ਪਾਏ ਗਏ। ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਸਪੈਸਿਫਿੱਕੇਸ਼ਨ 20 ਐਮ.ਐਮ.ਹੈ ਪਰ ਠੇਕੇਦਾਰ ਵਲੋਂ ਚਾਰ ਐਮ.ਐਮ. ਜ਼ਿਆਦਾ ਪਾਈ ਗਈ ਹੈ। ਇਸ ਲਈ ਇਸ ਸੜਕ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਸੜਕ ’ਤੇ ਮਟੀਰੀਅਲ ਘੱਟ ਪਾਇਆ ਗਿਆ ਹੈ, ਜਿਸ ਕਾਰਨ ਸੜਕ ਟੁੱਟ ਰਹੀ ਹੈ। ਮੰਤਰੀ ਈ.ਟੀ.ਓ. ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਸਰਕਾਰ ਨੂੰ ਬਦਨਾਮ ਕਾਰਨ ਲਈ ਇਹੋ ਜਿਹੀਆਂ ਵੀਡੀਓ ਪਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਇਥੇ ਆਉਣਾ ਚਾਹੀਦਾ ਸੀ, ਜੋ ਸਰਕਾਰ ਦੀਆਂ ਦੇ ਕੰਮਾਂ ’ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਰੁਪਿੰਦਰ ਕੌਰ ਗਿੱਲ ਆਦਿ ਤੋਂ ਇਲਾਵਾ ਆਮ ਆਦਮੀ ਨਾਲ ਸੰਬੰਧਿਤ ਆਗੂ ਵਰਕਰ ਅਤੇ ਕੁਝ ਪੰਚਾਇਤਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ। ਜਿਥੋਂ ਸੜਕ ਖ਼ਰਾਬ ਹੈ, ਓਥੋਂ ਸੈਂਪਲ ਲਏ ਹੀ ਨਹੀਂ ਗਏ-ਗੁਰਮੇਲ ਸਿੰਘ ਬਬਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਮੇਲ ਸਿੰਘ ਬਬਲੀ ਨੇ ਕਿਹਾ ਕਿ ਜੇਕਰ ਮੰਤਰੀ ਹਰਭਜਨ ਸਿੰਘ ਸੱਚਮੁੱਚ ਹੀ ਸੜਕ ਦਾ ਮੁਆਇਨਾ ਕਰਨ ਆਏ ਸਨ ਤਾਂ ਉਹ ਉਸ ਜਗ੍ਹਾ ਆਉਂਦੇ, ਜਿਥੋਂ ਅਸੀਂ ਕਹਿ ਰਹੇ ਹਾਂ ਕਿ ਸੜਕ ਲਗਾਤਾਰ ਹੱਥਾਂ ਨਾਲ ਟੁੱਟ ਰਹੀ ਹੈ, ਉਥੇ ਮੰਤਰੀ ਸਾਹਿਬ ਸੈਂਪਲ ਲੈਣ ਹੀ ਨਹੀਂ ਆਏ, ਸਗੋਂ ਦੂਰ ਹੀ ਕਿਸੇ ਥਾਂ ਤੋਂ ਜਿਥੇ ਕਿ ਇਨ੍ਹਾਂ ਨੇ ਆਪਣੇ ਵਰਕਰ ਵੀ ਬੁਲਾਏ ਹੋਏ ਸਨ, ਓਥੋਂ ਹੀ ਸੈਂਪਲ ਲੈ ਕੇ ਸੜਕ ਸਹੀ ਹੋਣ ਦਾ ਦਾਅਵਾ ਕਰ ਰਹੇ ਹਨ, ਇਹ ਸਹੀ ਨਹੀਂ ਹੈ। ਕਿਸਾਨ ਆਗੂ ਵਲੋਂ ਅੱਜ ਵੀ ਟੁੱਟ ਰਹੀ ਸੜਕ ਨੂੰ ਹੱਥਾਂ ਨਾਲ ਪੁੱਟ ਕੇ ਦਿਖਾਇਆ ਗਿਆ। ਕਿਸਾਨ ਆਗੂ ਨੇ ਕਿਹਾ ਕਿ ਪਿੰਡ ਵਾਸੀ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਪਰ ਕੋਟਫੱਤਾ ਪੁਲਿਸ ਨੇ ਸੜਕ ਦੇ ਵਿਚਕਾਰ ਗੱਡੀਆਂ ਲਗਾ ਕੇ ਲੋਕਾਂ ਨੂੰ ਮੰਤਰੀ ਕੋਲ ਜਾਣ ਨਹੀਂ ਦਿੱਤਾ। ਸਾਬਕਾ ਸਰਪੰਚ ਗੁਰਬਿੰਦਰ ਸਿੰਘ ਨੇ ਕਿਹਾ ਕਿ ਉਹ ਸਿਰਫ਼ ਸਰਕਾਰ ਦੇ ਅਧਿਕਾਰੀਆਂ ਦੀ ਗ਼ਲਤੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ ਪਰ ਸਰਕਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਤੇ ਲੱਗੀ ਹੋਈ ਹੈ। ਸਾਬਕਾ ਸਰਪੰਚ ਗੁਰਬਿੰਦਰ ਸਿੰਘ ਦੇ ਘਰ ਪੁਲਿਸ ਵਲੋਂ ਭੰਨਤੋੜ-ਪਿੰਡ ਵਾਸੀ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ’ਤੇ ਦੋਸ਼ ਲਗਾਇਆ ਹੈ ਕਿ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਜਾਣ ਤੋਂ ਬਾਅਦ ਕੋਟਫੱਤਾ ਪੁਲਿਸ ਵਲੋਂ ਸੜਕ ਦੀ ਵੀਡੀਓ ਚਲਾਉਣ ਵਾਲੇ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਦੇ ਘਰ ਜਾ ਕੇ ਬੱਚਿਆਂ ਅਤੇ ਘਰ ਦੀਆਂ ਔਰਤਾਂ ਨਾਲ ਹੱਥੋਪਾਈ ਕੀਤੀ। ਬੱਚਿਆਂ ਦੀਆਂ ਬਾਂਹਾਂ ਤੱਕ ਮਰੋੜੀਆਂ ਗਈਆਂ, ਮੋਬਾਈਲ ਖੋਹੇ ਗਏ, ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਵੀ ਪੁਲਿਸ ਆਪਣੇ ਨਾਲ ਲੈ ਗਈ। ਕਿਸਾਨ ਆਗੂ ਗੁਰਮੇਲ ਸਿੰਘ ਬਬਲੀ, ਮੁਖ਼ਤਿਆਰ ਸਿੰਘ ਆਦਿ ਨੇ ਕਿਹਾ ਕਿ ਪੁਲਿਸ ਕੋਲ ਜੇਕਰ ਗੁਰਵਿੰਦਰ ਸਿੰਘ ਖ਼ਿਲਾਫ਼ ਕੋਈ ਸ਼ਿਕਾਇਤ ਸੀ ਤਾਂ ਪਿੰਡ ਦੇ ਸਰਪੰਚ ਜਾਂ ਚੌਕੀਦਾਰ ਨੂੰ ਨਾਲ ਲੈ ਕੇ ਉਸ ਦੇ ਘਰ ਜਾਣਾ ਚਾਹੀਦਾ ਸੀ ਪਰ ਪੁਲਿਸ ਨੇ ਜਿਸ ਤਰ੍ਹਾਂ ਗੁਰਬਿੰਦਰ ਸਿੰਘ ਦੇ ਘਰ ਜਾਂ ਕੇ ਬਦ-ਤਮੀਜ਼ੀ ਕੀਤੀ ਹੈ। ਉਸ ਤੋਂ ਇਹ ਸਾਫ਼ ਹੈ ਕਿ ਗੁਰਵਿੰਦਰ ਸਿੰਘ ਵਲੋਂ ਜੋ ਸੜਕ ਨੂੰ ਲੈ ਕੇ ਮੀਡੀਆ ਵਿਚ ਵੀਡੀਓ ਚਲਾਈ ਗਈ ਹੈ, ਉਸ ਤੋਂ ਖ਼ਫ਼ਾ ਹੋ ਕੇ ਸਰਕਾਰ ਇਹ ਬਦਲਾ ਲਊ ਕਾਰਵਾਈ ਕਰ ਰਹੀ ਹੈ।ਜਦ ਰੇਡ ਵਾਲੇ ਮਸਲੇ ਸੰਬੰਧੀ ਐਸ.ਐਚ.ਓ. ਕੋਟਫੱਤਾ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਖ਼ਿਲਾਫ਼ ਕੋਟਫੱਤਾ ਥਾਣੇ ਵਿਚ ਪੀ.ਡਬਲਿਉ.ਡੀ. ਦੇ ਇਕ ਅਧਿਕਾਰੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੇ ਚਲਦਿਆਂ ਉਸ ਦੇ ਘਰ ਪੁਲਿਸ ਵਲੋਂ ਰੇਡ ਕੀਤੀ ਗਈ ਹੈ। ਉਥੇ ਕਿਸੇ ਨਾਲ ਕੋਈ ਵੀ ਗਲਤ ਵਿਹਾਰ ਨਹੀਂ ਹੋਇਆ ਹੈ। ਸਰਕਾਰ ਆਪਣੀਆਂ ਨਕਾਮੀਆਂ ਛੁਪਾ ਰਹੀ-ਲੱਖਾ ਸਿਧਾਣਾ ਪੁਲਿਸ ਦੀ ਰੇਡ ਤੋਂ ਬਾਅਦ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣਾ ਚਾਹੁੰਦੀ ਹੈ ਅਤੇ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਖ਼ਿਲਾਫ਼ ਇਸੇ ਤਰ੍ਹਾਂ ਬਦਲਾ ਲਊ ਕਰਵਾਈਆਂ ਕੀਤੀਆਂ ਜਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਜਬਰ ਦਾ ਬਦਲਾ ਜ਼ਰੂਰ ਲੈਣਗੇ।