ਪਾਕਿ ’ਚ ਪੀੜਤ ਈਸਾਈ ਲੜਕੀ ਦੇ ਹੱਕਾਂ ਦੀ ਰਾਖੀ ਲਈ ਅਮਰੀਕਾ ਦੇ 11 ਸੰਸਦ ਮੈਂਬਰਾਂ ਨੇ ਕੀਤੀ ਅਪੀਲ
ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਦੇ 11 ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪਾਕਿਸਤਾਨ ਸਰਕਾਰ ਨੂੰ 18 ਸਾਲਾ ਈਸਾਈ ਲੜਕੀ ਨੇਹਾ ਫ਼ਕੀਰ ਦੇ ਬੁਨਿਆਦੀ ਹੱਕਾਂ ਅਤੇ ਸੁਰੱਖਿਆ ਦੀ ਰਾਖੀ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਦੋਸ਼ ਹੈ ਕਿ ਮਾਰਚ ਮਹੀਨੇ ’ਚ ਨੇਹਾ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸੀ।
ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਦੇ 11 ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪਾਕਿਸਤਾਨ ਸਰਕਾਰ ਨੂੰ 18 ਸਾਲਾ ਈਸਾਈ ਲੜਕੀ ਨੇਹਾ ਫ਼ਕੀਰ ਦੇ ਬੁਨਿਆਦੀ ਹੱਕਾਂ ਅਤੇ ਸੁਰੱਖਿਆ ਦੀ ਰਾਖੀ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਦੋਸ਼ ਹੈ ਕਿ ਮਾਰਚ ਮਹੀਨੇ ’ਚ ਨੇਹਾ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸੀ। ਅਮਰੀਕੀ ਕਾਂਗਰਸ ਮੈਂਬਰ ਕ੍ਰਿਸ ਸਮਿਥ ਅਤੇ ਦੋਵਾਂ ਮੁੱਖ ਸਿਆਸੀ ਪਾਰਟੀਆਂ ਦੇ 10 ਹੋਰ ਸੰਸਦ ਮੈਂਬਰਾਂ ਨੇ ਪਾਕਿ ਦੇ ਸੰਘੀ ਕਾਨੂੰਨ ਅਤੇ ਨਿਆਂ ਮੰਤਰੀ ਆਜ਼ਮ ਨਜ਼ੀਰ ਤਰਾਰ ਨੂੰ ਇਕ ਸਾਂਝਾ ਪੱਤਰ ਲਿਖ ਕੇ ਇਸ ਮਾਮਲੇ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਪਾਕਿ ਸਰਕਾਰ ਇਸ ਮਾਮਲੇ ਦਾ ਨਿਰਪੱਖ ਹੱਲ ਕੱਢਣ ਲਈ ਤੁਰੰਤ ਕਦਮ ਚੁੱਕੇ ਅਤੇ ਨੇਹਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਸ ਨੂੰ ਬਿਨਾਂ ਕਿਸੇ ਦਬਾਅ ਦੇ ਕਿਸੇ ਸੁਤੰਤਰ ਕਾਨੂੰਨੀ ਸਲਾਹਕਾਰ (ਵਕੀਲ) ਨਾਲ ਗੁਪਤ ਤੌਰ ’ਤੇ ਗੱਲਬਾਤ ਕਰਨ ਦੀ ਸਹੂਲਤ ਦਿੱਤੀ ਜਾਵੇ। ਕਾਂਗਰਸ ਮੈਂਬਰ ਕ੍ਰਿਸ ਸਮਿਥ ਨੇ ਕਿਹਾ ਕਿ ਨੇਹਾ ਦੇ ਲਾਪਤਾ ਹੋਣ ਅਤੇ ਉਸ ਤੋਂ ਬਾਅਦ ਹੋਏ ਧਰਮ ਪਰਿਵਰਤਨ ਦੇ ਹਲਾਤ ਉਸ ਦੀ ਸੁਰੱਖਿਆ ਅਤੇ ਧਾਰਮਿਕ ਆਜ਼ਾਦੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਜ਼ਿਕਰਯੋਗ ਹੈ ਕਿ ਨੇਹਾ ਦੇ ਪਰਿਵਾਰ ਨੇ ਉਸ ਨੂੰ ਵਾਪਸ ਲਿਆਉਣ ਲਈ ਪਾਕਿ ਦੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਨੇਹਾ ਦੀ ਮਾਂ ਰਸੂਲਨ ਫ਼ਕੀਰ ਨੇ ਦੱਸਿਆ ਕਿ ਉਸ ਦੀ ਧੀ 24 ਮਾਰਚ ਨੂੰ ਸਿਲਾਈ ਸਿੱਖਣ ਗਈ ਸੀ ਅਤੇ ਉਥੋਂ ਲਾਪਤਾ ਹੋ ਗਈ।