ਝੋਨੇ ਦੀ ਫ਼ਸਲ ਲਈ ਪਾਣੀ ਦੀ ਪੂਰਤੀ ਦਾ ਮੋਟਰਾਂ ’ ਤੇ ਵਧਿਆ ਦਬਾਅ
ਬਿਜਲੀ ਸਪਲਾਈ ਘੱਟ ਮਿਲਣ ਨੇ ਕਿਸਾਨਾਂ ਦੀ ਚਿੰਤਾ ਵਧਾਈ
ਬਠਿੰਡਾ, 6 ਸਤੰਬਰ (ਵੀਰਪਾਲ ਸਿੰਘ)-ਪੰਜਾਬ ਵਿਚ ਇਸ ਵਾਰ ਆਮ ਨਾਲੋਂ ਘੱਟ ਮੀਂਹ, ਸਤੰਬਰ ਮਹੀਨੇ ਦੌਰਾਨ ਪੈ ਰਹੀ ਗਰਮੀ ਤੇ ਸਤੰਬਰ ਮਹੀਨੇ ਦੌਰਾਨ ਖੇਤੀ ਮੋਟਰਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵੱਧਣ ਲੱਗੀ ਹੈ । ਖ਼ਾਸ ਕਰਕੇ ਅਗੇਤੀਆਂ ਕਿਸਮਾਂ ਦਾ ਝੋਨਾ ਹੁਣ ਪੱਕਣ ਦੇ ਪੜਾਅ ਵਿਚ ਦਾਖ਼ਲ ਹੋ ਚੁੱਕਾ ਹੈ ਤੇ ਇਸ ਸਮੇਂ ਖੇਤਾਂ ਵਿਚ ਲੋੜੀਂਦੀ ਨਮੀ ਕਾਇਮ ਰੱਖਣਾ ਫ਼ਸਲ ਦੇ ਦਾਣਿਆਂ ਦੇ ਵਿਕਾਸ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ।
ਬਠਿੰਡਾ, 6 ਸਤੰਬਰ (ਵੀਰਪਾਲ ਸਿੰਘ)-ਪੰਜਾਬ ਵਿਚ ਇਸ ਵਾਰ ਆਮ ਨਾਲੋਂ ਘੱਟ ਮੀਂਹ, ਸਤੰਬਰ ਮਹੀਨੇ ਦੌਰਾਨ ਪੈ ਰਹੀ ਗਰਮੀ ਤੇ ਸਤੰਬਰ ਮਹੀਨੇ ਦੌਰਾਨ ਖੇਤੀ ਮੋਟਰਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵੱਧਣ ਲੱਗੀ ਹੈ । ਖ਼ਾਸ ਕਰਕੇ ਅਗੇਤੀਆਂ ਕਿਸਮਾਂ ਦਾ ਝੋਨਾ ਹੁਣ ਪੱਕਣ ਦੇ ਪੜਾਅ ਵਿਚ ਦਾਖ਼ਲ ਹੋ ਚੁੱਕਾ ਹੈ ਤੇ ਇਸ ਸਮੇਂ ਖੇਤਾਂ ਵਿਚ ਲੋੜੀਂਦੀ ਨਮੀ ਕਾਇਮ ਰੱਖਣਾ ਫ਼ਸਲ ਦੇ ਦਾਣਿਆਂ ਦੇ ਵਿਕਾਸ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ । ਭਾਰਤੀ ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਿਕ ਸਤੰਬਰ ਦੇ ਅਗਲੇ ਦਿਨਾਂ ਵਿਚ ਵੀ ਪੰਜਾਬ ਵਿਚ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ । ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਵੀ ਪੰਜਾਬ ਨੂੰ ਆਮ 161.4 ਮਿਲੀਮੀਟਰ ਦੇ ਮੁਕਾਬਲੇ ਮੀਂਹ 119.3 ਮਿਲੀਮੀਟਰ ਹੀ ਰਿਹਾ ਸੀ, ਜੋ ਲਗਭਗ ਆਮ 26 ਫ਼ੀਸਦੀ ਘੱਟ ਮੰਨਿਆ ਜਾ ਰਿਹਾ ਹੈ । ਖੇਤੀ ਮਾਹਿਰਾਂ ਅਨੁਸਾਰ ਝੋਨੇ ਵਿਚ ਮੁੰਜ਼ਰਾ ਨਿਕਲਣ ਤੋਂ ਲੈ ਕੇ ਦਾਣੇ ਬਣਨ ਅਤੇ ਉਨ੍ਹਾਂ ਦੇ ਪੱਕਣ ਤੱਕ ਖੇਤ ਵਿਚ ਲੁੜੀਂਦੀ ਨਮੀ ਰਹਿਣੀ ਜ਼ਰੂਰੀ ਹੈ, ਜੇਕਰ ਇਸ ਮਹੱਤਵਪੂਰਨ ਪੜਾਅ ਦੌਰਾਨ ਪਾਣੀ ਦੀ ਘਾਟ ਰਹੇ ਅਤੇ ਤਾਪਮਾਨ ਲਗਾਤਾਰ ਉੱਚਾ ਬਣਿਆ ਰਹੇ ਤਾਂ ਦਾਣਿਆਂ ਦੇ ਵਿਕਾਸ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ । ਇਸ ਕਾਰਨ ਦਾਣਿਆਂ ਵਿਚ ਫੋਕ ਦੀ ਮਾਤਰਾ ਵੱਧਣ ਅਤੇ ਦਾਣਿਆਂ ਦਾ ਪੂਰਾ ਵਿਕਾਸ ਨਾ ਹੋਣ ਦਾ ਖ਼ਤਰਾ ਬਣ ਸਕਦਾ ਹੈ । ਮੌਜੂਦਾ ਹਾਲਾਤਾਂ ਵਿਚ ਅਗੇਤੇ ਝੋਨੇ ਦੀ ਫ਼ਸਲ ਦੇ ਝਾੜ ਵਿਚ 20 ਤੋਂ 25 ਫ਼ੀਸਦੀ ਕਮੀ ਰਹਿਣ ਦੀ ਸੰਭਾਵਨਾ ਬਣ ਸਕਦੀ ਹੈ । ਅਸਲ ਪ੍ਰਭਾਵ ਫ਼ਸਲ ਦੀ ਕਿਸਮ, ਖੇਤ ਦੀ ਨਮੀ, ਤਾਪਮਾਨ ਅਤੇ ਅਗਲੇ ਦਿਨਾਂ ਦੇ ਮੌਸਮ ’ਤੇ ਨਿਰਭਰ ਕਰੇਗਾ । ਪੰਜਾਬ ਵਿਚ ਝੋਨੇ ਦੇ ਚਾਲੂ ਸੀਜ਼ਨ ਵਿਚ ਝੋਨੇ ਦੀ ਫ਼ਸਲ ਹੇਠਲਾ ਰਕਬਾ ਰਿਕਾਰਡ ਪੱਧਰ ’ਤੇ ਪੁੱਜਿਆ ਹੈ । 8 ਅਗਸਤ ਤੱਕ ਪੰਜਾਬ ਵਿਚ ਝੋਨੇ ਦਾ ਰਕਬਾ ਲਗਭਗ 32.76 ਲੱਖ ਹੈਕਟੇਅਰ ਦਰਜ ਕੀਤਾ ਗਿਆ ਸੀ । ਅਗਸਤ ਦੇ ਅਖ਼ੀਰ ਤੱਕ ਚੌਲ, ਜਿਸ ਵਿਚ ਪਰਮਲ/ਗੈਰ-ਬਾਸਮਤੀ ਅਤੇ ਬਾਸਮਤੀ ਦੋਵੇਂ ਸ਼ਾਮਿਲ ਹਨ, ਦਾ ਰਕਬਾ 32.86 ਲੱਖ ਹੈਕਟੇਅਰ ਤੱਕ ਪੁੱਜਣ ਦੀ ਅੰਕੜੇ ਹਨ । ਇਸ ਵਿਚ ਪਰਮਲ ਜਾਂ ਗੈਰ-ਬਾਸਮਤੀ ਝੋਨੇ ਦਾ ਰਕਬਾ ਲਗਭਗ 25.90 ਲੱਖ ਹੈਕਟੇਅਰ ਦੱਸਿਆ ਗਿਆ ਹੈ, ਜਦਕਿ ਬਾਸਮਤੀ ਦਾ ਰਕਬਾ ਲਗਭਗ 6.76 ਲੱਖ ਹੈਕਟੇਅਰ ਹੈ । ਇਸ ਤਰ੍ਹਾਂ ਸੂਬੇ ਵਿਚ ਝੋਨੇ ਦੀ ਵੱਡੀ ਫ਼ਸਲ ਇਸ ਸਮੇਂ ਖੇਤਾਂ ਵਿਚ ਖੜ੍ਹੀ ਹੈ ਤੇ ਪਾਣੀ ਦੀ ਲੋੜ ਵੀ ਵੱਡੇ ਪੱਧਰ ’ਤੇ ਬਣੀ ਹੋਈ ਹੈ । ਪੰਜਾਬ ਵਿਚ ਘੱਟ ਮੀਂਹ ਕਾਰਨ ਝੋਨੇ ਫ਼ਸਲ ਲਈ ਪਾਣੀ ਦੀ ਪੂਰਤੀ ਲਈ ਖੇਤੀ ਮੋਟਰ ਟਿਊਬਵੈੱਲਾਂ ’ਤੇ ਦਬਾਅ ਵੱਧਣ ਨਾਲ ਬਿਜਲੀ ਦੀ ਮੰਗ ਲਗਾਤਾਰ ਬਣੀ ਰਹੀ ਹੈ । ਇਸ ਦਾ ਅਸਰ ਪੰਜਾਬ ਦੀ ਬਿਜਲੀ ਮੰਗ ’ਤੇ ਵੀ ਸਾਫ਼ ਦਿਖਾਈ ਦਿੱਤਾ। 2 ਸਤੰਬਰ ਨੂੰ ਸੂਬੇ ਦੀ ਵੱਧ ਤੋਂ ਵੱਧ ਬਿਜਲੀ ਮੰਗ 16,343 ਮੈਗਾਵਾਟ ਤੱਕ ਪੁੱਜ ਗਈ, ਜੋ ਪਿਛਲੇ ਸਾਲ ਇਸੇ ਦਿਨ ਨਾਲੋਂ ਲਗਭਗ 139 ਫ਼ੀਸਦੀ ਵੱਧ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਲੋੜੀਂਦਾ ਮੀਂਹ ਨਾ ਪਿਆ ਤੇ ਖੇਤੀ ਮੋਟਰਾਂ ਨੂੰ ਵੀ ਨਿਰਵਿਘਨ ਸਪਲਾਈ ਨਾ ਮਿਲੀ ਤਾਂ ਪੱਕਣ ਕਿਨਾਰੇ ਪੁੱਜੀਆਂ ਅਗੇਤੀਆਂ ਝੋਨੇ ਦੀਆਂ ਕਿਸਮਾਂ ਵਿਚ ਦਾਣਿਆਂ ਦੀ ਗੁਣਵੱਤਾ ਅਤੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਵੱਧ ਸਕਦੀ ਹੈ। ਹੁਣ ਕਿਸਾਨਾਂ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਮੌਸਮ ਅਤੇ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ’ਤੇ ਟਿਕੀਆਂ ਹਨ।