ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ’ ਚ ਦੁੱਧ ਦਾ ਭਾਅ ਵਧਾਉਣ ਲਈ ਲਾਮਬੰਦੀ
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 10 ਸਤੰਬਰ–ਖੰਡ-ਗੁੜ, ਪਿਆਜ਼ ਤੇ ਹੋਰ ਰਸੋਈ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਹੁਣ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਦੇ ਦੁੱਧ ਉਤਪਾਦਕਾਂ ਤੇ ਪਸ਼ੂ ਪਾਲਕਾਂ ਨੇ ਦੁੱਧ ਦੇ ਭਾਅ ਵਧਾਉਣ ਲਈ ਪਿੰਡ ਪੱਧਰ ’ਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ । ਕਈ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਇਕੱਠ ਕਰਕੇ ਮਤੇ ਪਾਸ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮੱਝ ਦੇ ਦੁੱਧ ਦਾ ਭਾਅ 100 ਰੁਪਏ ਤੇ ਗਾਂ ਦੇ ਦੁੱਧ ਦਾ ਭਾਅ 80 ਰੁਪਏ ਪ੍ਰਤੀ ਕਿਲੋ ਕਰਨ ਦੀ ਮੰਗ ਕੀਤੀ ਗਈ ਹੈ ।
ਬਠਿੰਡਾ, 10 ਸਤੰਬਰ–ਖੰਡ-ਗੁੜ, ਪਿਆਜ਼ ਤੇ ਹੋਰ ਰਸੋਈ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਹੁਣ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਦੇ ਦੁੱਧ ਉਤਪਾਦਕਾਂ ਤੇ ਪਸ਼ੂ ਪਾਲਕਾਂ ਨੇ ਦੁੱਧ ਦੇ ਭਾਅ ਵਧਾਉਣ ਲਈ ਪਿੰਡ ਪੱਧਰ ’ਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ । ਕਈ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਇਕੱਠ ਕਰਕੇ ਮਤੇ ਪਾਸ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮੱਝ ਦੇ ਦੁੱਧ ਦਾ ਭਾਅ 100 ਰੁਪਏ ਤੇ ਗਾਂ ਦੇ ਦੁੱਧ ਦਾ ਭਾਅ 80 ਰੁਪਏ ਪ੍ਰਤੀ ਕਿਲੋ ਕਰਨ ਦੀ ਮੰਗ ਕੀਤੀ ਗਈ ਹੈ । ਕੁਝ ਪਿੰਡਾਂ ਵਲੋਂ ਤੈਅ ਕੀਤੇ ਮਤਿਆਂ ਅਨੁਸਾਰ ਨਿਰਧਾਰਤ ਰੇਟ ਤੋਂ ਘੱਟ ਭਾਅ ’ਤੇ ਦੁੱਧ ਵੇਚਣ ਵਾਲੇ ਪਸ਼ੂ ਪਾਲਕ ਨੂੰ 5100 ਰੁਪਏ ਜੁਰਮਾਨਾ ਕਰਨ ਅਤੇ ਮੌਕੇ ’ਤੇ ਦੁੱਧ ਜ਼ਬਤ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘੱਟ ਭਾਅ ’ਤੇ ਦੁੱਧ ਵੇਚਣ ਦੀ ਸੂਚਨਾ ਦੇਣ ਵਾਲੇ ਨੂੰ 1000 ਰੁਪਏ ਇਨਾਮ ਅਤੇ ਨਾਂ ਗੁਪਤ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ। ਪੰਜਾਬ ਦੇ ਬਠਿੰਡਾ, ਮਾਨਸਾ, ਮੋਗਾ, ਫਾਜ਼ਿਲਕਾ, ਲੁਧਿਆਣਾ, ਸੰਗਰੂਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਅਜਿਹੇ ਮਤੇ ਸਾਹਮਣੇ ਆਏ ਹਨ । ਹਰਿਆਣਾ ਦੇ ਸਿਰਸਾ, ਕਰਨਾਲ, ਜੀਂਦ, ਹਿਸਾਰ ਤੇ ਕੈਥਲ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ ਤੇ ਹਨੂਮਾਨਗੜ੍ਹ ਖੇਤਰਾਂ ਵਿਚ ਵੀ ਇਹ ਮੰਗ ਉੱਠ ਰਹੀ ਹੈ । ਇਹ ਰੁਝਾਨ ਪਹਿਲਾਂ ਹਰਿਆਣਾ ਦੇ ਕਾਲਿਆਂਵਾਲੀ ਖੇਤਰ ਵਿਚ ਸਾਹਮਣੇ ਆਇਆ ਸੀ । ਪਸ਼ੂ ਪਾਲਕਾਂ ਦਾ ਤਰਕ ਹੈ ਕਿ ਚਾਰਾ, ਫੀਡ, ਦਵਾਈਆਂ, ਇਲਾਜ, ਮਜ਼ਦੂਰੀ ਅਤੇ ਪਸ਼ੂਆਂ ਦੀ ਖਰੀਦ ਕੀਮਤ ਵਧਣ ਕਾਰਨ ਪੁਰਾਣੇ ਭਾਅ ’ਤੇ ਦੁੱਧ ਵੇਚਣਾ ਲਾਹੇਵੰਦ ਨਹੀਂ ਰਿਹਾ । ਉਨ੍ਹਾਂ ਮੁਤਾਬਕ ਇਸ ਵੇਲੇ ਕਈ ਥਾਵਾਂ ’ਤੇ ਮੱਝ ਦਾ ਦੁੱਧ 52-53 ਰੁਪਏ ਅਤੇ ਗਾਂ ਦਾ ਦੁੱਧ 30-35 ਰੁਪਏ ਪ੍ਰਤੀ ਕਿਲੋ ਦੇ ਕਰੀਬ ਖਰੀਦਿਆ ਜਾ ਰਿਹਾ ਹੈ। ਉਧਰ, ਪੰਜਾਬ ਦੋਧੀ ਡੇਅਰੀ ਯੂਨੀਅਨ (ਏਕਤਾ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁੱਧ ਦਾ ਭਾਅ ਮਨਮਰਜ਼ੀ ਨਾਲ ਤੈਅ ਕਰਨ ਦੀ ਬਜਾਏ ਫੈਟ ਦੇ ਆਧਾਰ ’ਤੇ ਸਰਕਾਰੀ ਤੌਰ ’ਤੇ ਨਿਰਧਾਰਤ ਕੀਤਾ ਜਾਵੇ। ਯੂਨੀਅਨ ਨੇ ਕਿਹਾ ਕਿ ਰੇਟਾਂ ਸਬੰਧੀ ਸਪੱਸ਼ਟ ਨੀਤੀ ਨਾ ਹੋਣ ਕਾਰਨ ਦੋਧੀਆਂ, ਡੇਅਰੀ ਪਾਲਕਾਂ ਤੇ ਖਪਤਕਾਰਾਂ ਵਿਚਕਾਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਦੂਜੇ ਪਾਸੇ, ਦੁੱਧ ਦੇ ਭਾਅ ਵਧਣ ਨਾਲ ਆਮ ਪਰਿਵਾਰਾਂ ਦੇ ਬਜਟ ’ਤੇ ਬੋਝ ਵਧਣ ਦੇ ਨਾਲ ਦਹੀਂ, ਲੱਸੀ, ਪਨੀਰ ਅਤੇ ਹੋਰ ਦੁੱਧ ਉਤਪਾਦ ਵੀ ਮਹਿੰਗੇ ਹੋਣ ਦੀ ਸੰਭਾਵਨਾ ਹੈ।