ਪੰਜਾਬ ਕੈਮਿਸਟ ਐਸੋਸੀਏਸ਼ਨ ਤੇ ਸਿਹਤ ਵਿਭਾਗ ਦਰਮਿਆਨ ਅਹਿਮ ਮੀਟਿੰਗ
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ)-ਡਾਇਰੈਕਟੋਰੇਟ ਆਫ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ.
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ)-ਡਾਇਰੈਕਟੋਰੇਟ ਆਫ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਵਿਖੇ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਸ਼ੋਕ ਗੋਇਲ ਅਤੇ ਸੰਜੀਵ ਪੁਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਇਕ ਅਹਿਮ ਮੀਟਿੰਗ ਹੋਈ। ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ’ਚ ਸਿਹਤ ਵਿਭਾਗ ਵਲੋਂ ਸਿਹਤ ਸਕੱਤਰ (ਪੰਜਾਬ) ਕੁਮਾਰ ਰਾਹੁਲ, ਜੁਆਇੰਟ ਡਰੱਗ ਕਮਿਸ਼ਨਰ ਸੰਜੀਵ ਗਰਗ, ਏ. ਡੀ. ਸੀ. (ਐੱਫ. ਡੀ. ਏ.) ਗੁਰਵਿੰਦਰ ਸਿੰਘ ਅਤੇ ਏ. ਡੀ. ਸੀ. (ਐੱਫ. ਡੀ. ਏ.) ਅਮਿਤ ਦੁੱਗਲ ਮੌਜੂਦ ਸਨ। ਐਸੋਸੀਏਸ਼ਨ ਵਲੋਂ ਟਿੱਕਾ ਦਲੀਪ ਸਿੰਘ, ਅਸ਼ੋਕ ਮੰਚੰਦਾ, ਸਤਨਾਮ ਪਨੇਸਰ, ਗੁਰਸ਼ਰਨ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ, ਐੱਚ. ਐੱਸ. ਚੰਨੀ, ਕਪਿਲ ਅਰੋੜਾ ਅਤੇ ਪ੍ਰੇਮ ਗਰਗ ਸ਼ਾਮਿਲ ਹੋਏ। ਮੀਟਿੰਗ ਦੌਰਾਨ ਕੈਮਿਸਟਾਂ ਦੀਆਂ ਦਰਪੇਸ਼ ਸਮੱਸਿਆਵਾਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਸਿਹਤ ਸਕੱਤਰ ਨੇ ਪੰਜਾਬ ‘ਚ ਏ. ਬੀ. ਡੀ. ਐਮ. (ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ) ਪੋਰਟਲ ਨੂੰ ਆਰਜ਼ੀ ਤੌਰ ‘ਤੇ ਮੁਅੱਤਲ ਰੱਖਣ ਦੇ ਹੁਕਮ ਦਿੱਤੇ। ਐਸੋਸੀਏਸ਼ਨ ਵਲੋਂ ਰੱਖੀਆਂ ਗਈਆਂ ਜਾਇਜ਼ ਮੰਗਾਂ ਨੂੰ ਸ਼ਾਮਲ ਕਰਦਿਆਂ ਜਲਦ ਹੀ ਨਵੀਂ ਡਰੱਗ ਪਾਲਿਸੀ ਦਾ ਖਰੜਾ ਤਿਆਰ ਕਰਨ ਅਤੇ ਲੋੜੀਂਦੀਆਂ ਸੋਧਾਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ’ਚ ਓ.ਐੱਨ. ਡੀ. ਐੱਲ. ਐੱਸ. ਜਾਂ ਐਕਸ. ਐਲ. ਐਨ. ’ਚੋਂ ਕਿਹੜਾ ਪੋਰਟਲ ਲਾਗੂ ਰਹੇਗਾ, ਇਸ ਬਾਰੇ ਅਗਲੇ ਇਕ ਹਫ਼ਤੇ ਦੇ ਅੰਦਰ ਵੱਡਾ ਫ਼ੈਸਲਾ ਲਿਆ ਜਾਵੇਗਾ। ਅਧਿਕਾਰੀਆਂ ਨੇ ਫਾਰਮੇਸੀ ਡਿਜੀ-ਫਾਰਮਡ ਪੋਰਟਲ ਨੂੰ ਜ਼ਬਰਦਸਤੀ ਲਾਗੂ ਨਾ ਕਰਨ ਦਾ ਭਰੋਸਾ ਦਿੱਤਾ ਗਿਆ।