ਕੌਮਾਂਤਰੀ ਹਾਲਾਤ ਤੋਂ ਕਿਸਾਨ ਤੇ ਵਪਾਰੀ ਚਿੰਤਤ
ਬਾਸਮਤੀ ਝੋਨੇ ਦੇ ਭਾਅ ਨੂੰ ਪ੍ਰੀਮੀਅਮ ਚੌਲਾਂ ਦੀ ਵਧਦੀ ਮੰਗ ਦਾ ਸਹਾਰਾ
ਮੂਨਕ, 21 ਸਤੰਬਰ (ਕੇਵਲ ਸਿੰਗਲਾ) - ਦੇਸ਼ ਦੇ ਕਈ ਚੌਲ ਉਤਪਾਦਕ ਸੂਬਿਆਂ ਵਿਚ ਮੌਨਸੂਨ ਦੀ ਘਾਟ ਕਾਰਨ ਇਸ ਸਾਲ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ, ਪਰ ਪੰਜਾਬ ਵਿਚ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਕਾਰਨ ਫ਼ਸਲ ’ਤੇ ਘੱਟ ਬਾਰਿਸ਼ ਦਾ ਵੱਡਾ ਅਸਰ ਪੈਣ ਦੇ ਆਸਾਰ ਨਹੀਂ ਹਨ। ਸੂਬੇ ਵਿਚ ਆਮ ਨਾਲੋਂ ਕਰੀਬ 40 ਫ਼ੀਸਦੀ ਘੱਟ ਬਾਰਿਸ਼ ਦਰਜ ਹੋਣ ਦੇ ਬਾਵਜੂਦ ਬਹੁਤੇ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਦੀ ਹਾਲਤ ਤਸੱਲੀਬਖ਼ਸ਼ ਦੱਸੀ ਜਾ ਰਹੀ ਹੈ ਅਤੇ ਅਗੇਤੀਆਂ ਕਿਸਮਾਂ ਦਾ ਝਾੜ ਵੀ ਉਮੀਦ ਮੁਤਾਬਿਕ ਰਹਿਣ ਦੀਆਂ ਵੀ ਖ਼ਬਰਾਂ ਹਨ।
ਮੂਨਕ, 21 ਸਤੰਬਰ (ਕੇਵਲ ਸਿੰਗਲਾ) - ਦੇਸ਼ ਦੇ ਕਈ ਚੌਲ ਉਤਪਾਦਕ ਸੂਬਿਆਂ ਵਿਚ ਮੌਨਸੂਨ ਦੀ ਘਾਟ ਕਾਰਨ ਇਸ ਸਾਲ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ, ਪਰ ਪੰਜਾਬ ਵਿਚ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਕਾਰਨ ਫ਼ਸਲ ’ਤੇ ਘੱਟ ਬਾਰਿਸ਼ ਦਾ ਵੱਡਾ ਅਸਰ ਪੈਣ ਦੇ ਆਸਾਰ ਨਹੀਂ ਹਨ। ਸੂਬੇ ਵਿਚ ਆਮ ਨਾਲੋਂ ਕਰੀਬ 40 ਫ਼ੀਸਦੀ ਘੱਟ ਬਾਰਿਸ਼ ਦਰਜ ਹੋਣ ਦੇ ਬਾਵਜੂਦ ਬਹੁਤੇ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਦੀ ਹਾਲਤ ਤਸੱਲੀਬਖ਼ਸ਼ ਦੱਸੀ ਜਾ ਰਹੀ ਹੈ ਅਤੇ ਅਗੇਤੀਆਂ ਕਿਸਮਾਂ ਦਾ ਝਾੜ ਵੀ ਉਮੀਦ ਮੁਤਾਬਿਕ ਰਹਿਣ ਦੀਆਂ ਵੀ ਖ਼ਬਰਾਂ ਹਨ। ਰਾਈਟਰਜ਼ ਮੁਤਾਬਿਕ ਇਸ ਸਾਲ ਭਾਰਤ ਵਿਚ ਚੌਲਾਂ ਦੀ ਪੈਦਾਵਾਰ ਕਰੀਬ ਇਕ ਕਰੋੜ ਮੀਟ੍ਰਿਕ ਟਨ ਘਟ ਕੇ 144 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਪਿਛਲੇ ਸਾਲਾਂ ਦੇ ਵੱਡੇ ਸਰਕਾਰੀ ਭੰਡਾਰਾਂ ਕਾਰਨ ਦੇਸ਼ ਦੀ ਕੁੱਲ ਸਪਲਾਈ ਸਥਿਤੀ ਫ਼ਿਲਹਾਲ ਸੰਭਾਲੀ ਹੋਈ ਹੈ। ਘੱਟ ਪੈਦਾਵਾਰ ਦੇ ਅਨੁਮਾਨ ਵਿਚਕਾਰ ਘਰੇਲੂ ਅਤੇ ਨਿਰਯਾਤ ਬਾਜ਼ਾਰ ਵਿੱਚ ਚੌਲਾਂ ਦੀਆਂ ਕੀਮਤਾਂ ’ਚ ਤੇਜ਼ੀ ਦੇਖੀ ਜਾ ਰਹੀ ਹੈ। ਇਸੇ ਮਾਹੌਲ ਵਿਚ ਪੰਜਾਬ ਦੇ ਬਾਸਮਤੀ ਝੋਨੇ ਦੇ ਭਾਅ ਨੂੰ ਵੀ ਸਹਾਰਾ ਮਿਲਣ ਦੀ ਉਮੀਦ ਬਣ ਰਹੀ ਹੈ। ਭਾਵੇਂ ਕੌਮਾਂਤਰੀ ਪੱਧਰ ’ਤੇ ਬਾਸਮਤੀ ਦੀ ਬਰਾਮਦ ਲਈ ਹਾਲਾਤ ਪੂਰੀ ਤਰ੍ਹਾਂ ਅਨੁਕੂਲ ਨਹੀਂ ਹਨ ਅਤੇ ਪੱਛਮੀ ਏਸ਼ੀਆ ਵਿਚ ਅਸਥਿਰਤਾ ਕਾਰਨ ਆਰਡਰ, ਭੁਗਤਾਨ ਅਤੇ ਜਹਾਜ਼ੀ ਸਪਲਾਈ ਨਾਲ ਜੁੜੀਆਂ ਚੁਨੌਤੀਆਂ ਮੌਜੂਦ ਹਨ, ਪਰ ਪ੍ਰੀਮੀਅਮ ਚੌਲਾਂ ਦੀ ਮੰਗ ਅਤੇ ਕੀਮਤਾਂ ਵਿੱਚ ਵਾਧਾ ਬਾਸਮਤੀ ਦੇ ਘਰੇਲੂ ਬਾਜ਼ਾਰ ਲਈ ਮਹੱਤਵਪੂਰਨ ਸਹਾਰਾ ਬਣ ਸਕਦਾ ਹੈ। ਭਾਰਤ ਦੇ ਬਾਸਮਤੀ ਬਰਾਮਦ ਦੇ ਮੁੱਖ ਬਾਜ਼ਾਰਾਂ ਵਿੱਚ ਸਾਉਦੀ ਅਰਬ, ਈਰਾਨ, ਇਰਾਕ ਅਤੇ ਯੂਏਈ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪ੍ਰੀਮੀਅਮ ਗੈਰ-ਬਾਸਮਤੀ ਚੌਲਾਂ ਦੀਆਂ ਕੀਮਤਾਂ ਵਿਚ ਆਉਣ ਵਾਲੇ ਸਮੇਂ ਦੌਰਾਨ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ ਇਨ੍ਹਾਂ ਦੀਆਂ ਕੀਮਤਾਂ ਬਾਸਮਤੀ ਤੋਂ ਉੱਪਰ ਜਾਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ ਪ੍ਰੀਮੀਅਮ ਚੌਲਾਂ ਦਾ ਬਾਜ਼ਾਰ ਪਰਮਲ ਚੌਲਾਂ ਤੋਂ ਵੱਖਰੇ ਢੰਗ ਨਾਲ ਕੰਮ ਕਰਦਾ ਹੈ। ਕੁੱਲ ਸਰਕਾਰੀ ਸਟਾਕ ਵੱਡਾ ਹੋਣ ਦੇ ਬਾਵਜੂਦ ਕਿਸੇ ਖ਼ਾਸ ਪ੍ਰੀਮੀਅਮ ਕਿਸਮ ਦੀ ਉਪਲਬਧਤਾ ਘਟਣ ਨਾਲ ਉਸ ਦੇ ਭਾਅ ਵਧ ਸਕਦੇ ਹਨ। ਇਹੀ ਕਾਰਨ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਪ੍ਰੀਮੀਅਮ ਚੌਲਾਂ ਦੀ ਮੰਗ, ਬਾਸਮਤੀ ਦੀ ਬਰਾਮਦ ਅਤੇ ਪੰਜਾਬ ਤੇ ਹਰਿਆਣਾ ਦੀ ਮੰਡੀ ਵਿਚ ਬਾਸਮਤੀ ਝੋਨੇ ਦੀ ਆਮਦ ’ਤੇ ਬਾਜ਼ਾਰ ਦੀ ਖ਼ਾਸ ਨਜ਼ਰ ਰਹੇਗੀ। ਮੌਜੂਦਾ ਹਾਲਾਤ ਵਿਚ ਪੰਜਾਬ ਦੇ ਕਿਸਾਨਾਂ ਲਈ ਝੋਨੇ ਦੀ ਆਮ ਫ਼ਸਲ ਦੇ ਨਾਲ ਬਾਸਮਤੀ ਤੋਂ ਵੀ ਤਸੱਲੀਬਖ਼ਸ਼ ਭਾਅ ਦੀ ਉਮੀਦ ਬਣੀ ਹੋਈ ਹੈ।