23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪ੍ਰਾਈਵੇਟ ਬਿਲਡਰਾਂ ਨੂੰ ਲਾਭ ਪਹੰਚਾਉਣ ਦੇ ਮਾਮਲੇ ’ ਚ ਈ . ਡੀ . ਦੀ ਗਮਾਡਾ ਖ਼ਿਲਾਫ਼ ਵੱਡੀ ਕਾਰਵਾਈ

ਐੱਸ. ਏ.

Ad Position 21
No active advertisement
ਅਜੀਤ ਡੈਸਕ 23-09-2026
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਟੀਮ ਵਲੋਂ ਪ੍ਰਾਈਵੇਟ ਬਿਲਡਰਾਂ ਨੂੰ ਲਾਭ ਪਹੁੰਚਾਉਣ ਦੇ ਮਾਮਲੇ ’ਚ ਸੀ. ਆਰ. ਪੀ. ਐਫ. ਦੇ ਕਰਮਚਾਰੀਆਂ ਸਮੇਤ ਅੱਜ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਖੇ ਛਾਪੇਮਾਰੀ ਕੀਤੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਈ.ਡੀ. ਵਲੋਂ ਕਈ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਜ਼ਮੀਨ ਐਕਵਾਇਰ ਕਰਨ, ਨਿੱਜੀ ਬਿਲਡਰਾਂ ਨੂੰ ਦਿੱਤੇ ਗਏ ਲਾਭ, ਜਾਇਦਾਦਾਂ ਦੀ ਨਿਲਾਮੀ ਨਾਲ ਜੁੜੇ ਮਾਮਲੇ, ਪ੍ਰਾਈਵੇਟ ਰੀਅਲ ਅਸਟੇਟ ਬਿਲਡਰਾਂ ਨੂੰ ਦਿੱਤੇ ਗਏ ਕਥਿਤ ਲਾਭ ਅਤੇ ਗ਼ਲਤ ਤਰੀਕੇ ਨਾਲ ਚੇਂਜ ਆਫ਼ ਲੈਂਡ ਯੂਜ਼ (ਸੀ. ਐਲ. ਯੂ.) ਦੀ ਇਜਾਜ਼ਤ ਦੇਣ ਨਾਲ ਜੁੜੇ ਮਾਮਲਿਆਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਪੜਤਾਲ ਸ਼ਾਮਿਲ ਹੈ। ਅੱਜ ਸਵੇਰ 11.30 ਵਜੇ ਦੇ ਕਰੀਬ ਗਮਾਡਾ ਦਫ਼ਤਰ ਪਹੁੰਚੀ ਈ.ਡੀ. ਦੀ ਟੀਮ ਵਲੋਂ ਖ਼ਬਰ ਲਿਖੇ ਜਾਣ ਤੱਕ ਗਮਾਡਾ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕਰਕੇ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰਾਂ ਅੰਦਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਕਾਰਵਾਈ ਲਈ ਚੰਡੀਗੜ੍ਹ, ਦਿੱਲੀ ਅਤੇ ਜਲੰਧਰ ਸਥਿਤ ਈ.ਡੀ. ਦਫ਼ਤਰਾਂ ਤੋਂ ਆਏ ਇਕ ਦਰਜਨ ਤੋਂ ਵੱਧ ਅਧਿਕਾਰੀਆਂ ਵਲੋਂ ਸਭ ਤੋਂ ਪਹਿਲਾਂ ਗਮਾਡਾ ਦੇ ਚੀਫ਼ ਇੰਜੀਨੀਅਰ ਦੇ ਦਫ਼ਤਰ ਨੂੰ ਸੀਲ ਕਰਕੇ ਉਥੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ । ਉਪਰੰਤ ਈ.ਡੀ. ਵਲੋਂ ਗਮਾਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਫ਼ੋਨ ਵੀ ਆਪਣੇ ਕਬਜ਼ੇ ਵਿਚ ਲੈ ਲਏ ਗਏ ਤੇ ਬਾਹਰੋਂ ਆਏ ਵਿਅਕਤੀਆਂ ਨੂੰ ਗਮਾਡਾ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ । ਹਾਸਿਲ ਜਾਣਕਾਰੀ ਅਨੁਸਾਰ ਈ. ਡੀ. ਦੀ ਟੀਮ ਵਲੋਂ ਅਧਿਕਾਰੀਆਂ ਸਮੇਤ ਦਫ਼ਤਰੀ ਸਟਾਫ਼ ਤੋਂ ਵੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਸਟੇਟ ਅਫ਼ਸਰ, ਵਧੀਕ ਮੁੱਖ ਪ੍ਰਸ਼ਾਸਕ ਤੇ ਚੀਫ਼ ਇੰਜੀਨੀਅਰ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੂੰ ਹਾਊਸਿੰਗ ਸਕੱਤਰ ਦੇ ਕਮਰੇ ਵਿਚ ਬੁਲਾ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ । ਈ.ਡੀ. ਦੀ ਟੀਮ ਨਾਲ ਆਏ ਸੀ. ਆਰ. ਪੀ. ਐਫ. ਦੇ ਜਵਾਨਾ ਵਲੋਂ ਮੀਡੀਆ ਕਰਮੀਆਂ ਨੂੰ ਵੀ ਗਮਾਡਾ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ । ਈ.ਡੀ . ਦੇ ਕਿਸੇ ਵੀ ਅਧਿਕਾਰੀ ਵਲੋਂ ਮੀਡੀਆ ਨਾਲ ਇਸ ਕਾਰਵਾਈ ਸੰਬੰਧੀ ਅਧਿਕਾਰਤ ਤੌਰ ’ਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਨਾ ਹੀ ਮੀਡੀਆ ਕਰਮੀਆਂ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਗਈ । ਖ਼ਬਰ ਲਿਖੇ ਜਾਣ ਤੱਕ ਈ.ਡੀ. ਦੀ ਕਾਰਵਾਈ ਜਾਰੀ ਸੀ ਤੇ ਗਮਾਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਿਲਾਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਵੱਖ-ਵੱਖ ਬ੍ਰਾਂਚਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਅੰਦਰ ਹੀ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਬਾਕੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸ਼ਾਮ ਦੇ 5 ਵਜੇ ਤੋਂ ਬਾਅਦ ਬਾਹਰ ਭੇਜ ਦਿੱਤਾ ਗਿਆ । ਸੂਤਰਾਂ ਅਨੁਸਾਰ ਈ.ਡੀ. ਦੀ ਇਸ ਕਾਰਵਾਈ ਦੇ ਲੰਮਾ ਚੱਲਣ ਦੀ ਸੰਭਾਵਨਾ ਹੈ । ਇਸ ਦੌਰਾਨ ਈ. ਡੀ. ਵਲੋਂ ਸੀ. ਐਲ. ਯੂ. ਮਾਮਲਿਆਂ ਨਾਲ ਸੰਬੰਧਿਤ ਰਿਕਾਰਡ ਵੀ ਆਪਣੇ ਕਬਜ਼ੇ ਵਿਚ ਲੈਣ ਦੀ ਚਰਚਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੇ ਪੁਲਿਸ ਤਸ਼ੱਦਦ ਦੇ ਮੁੱਦੇ ’ਤੇ 27 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਵਿਚਾਰ-ਚਰਚਾ ਅਗਲੀ ਖ਼ਬਰ ਵਿਰੋਧੀ ਆਗੂ ਬਿਨਾਂ ਜਾਂਚ ਕੀਤੇ ਫ਼ਰਜ਼ੀ ਆਡੀਓ ਸਾਂਝੀ ਕਰ ਰਹੇ ਹਨ - ਪੰਨੂ
Ad Position 24