ਯੂ.ਪੀ.ਆਈ. ਭੁਗਤਾਨ ਗਾਹਕਾਂ ਲਈ ਰਹੇਗਾ ਮੁਫ਼ਤ, ਵੱਡੇ ਲੈਣ-ਦੇਣ ’ਤੇ 0.4% ਐੱਮ.ਡੀ.ਆਰ. ਦਾ ਪ੍ਰਸਤਾਵ
ਨਵੀਂ ਦਿੱਲੀ, 3 ਅਕਤੂਬਰ (ਅ. ਬ.)
ਨਵੀਂ ਦਿੱਲੀ, 3 ਅਕਤੂਬਰ (ਅ.ਬ.)- ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਐੱਮ.ਡੀ. ਤੇ ਸੀ.ਈ.ਓ. ਅਸ਼ੋਕ ਚੰਦ ਨੇ ਕਿਹਾ ਹੈ ਕਿ ਯੂ.ਪੀ.ਆਈ. ਰਾਹੀਂ ਭੁਗਤਾਨ ਕਰਨ ਵਾਲੇ ਗਾਹਕਾਂ ਤੋਂ ਕਿਸੇ ਵੀ ਤਰ੍ਹਾਂ ਦੀ ਵਾਧੂ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂ.ਪੀ.ਆਈ. ਭੁਗਤਾਨ ਖਪਤਕਾਰਾਂ ਲਈ ਮੁਫ਼ਤ ਹੀ ਰਹੇਗਾ । ਸ੍ਰੀ ਚੰਦ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਦੁਕਾਨਦਾਰ ਯੂ.ਪੀ.ਆਈ. ਰਾਹੀਂ ਭੁਗਤਾਨ ਕਰਨ ਬਦਲੇ ਗਾਹਕ ਤੋਂ ਵਾਧੂ ਪੈਸੇ ਮੰਗਦਾ ਹੈ ਤਾਂ ਇਹ ਨਿਯਮਾਂ ਦੇ ਅਨੁਕੂਲ ਨਹੀਂ ਹੈ। ਅਜਿਹੇ ਮਾਮਲੇ ਵਿਚ ਗਾਹਕ ਆਪਣੀ ਯੂ.ਪੀ.ਆਈ. ਐਪ ਜਾਂ ਬੈਂਕ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਯੂ.ਪੀ.ਆਈ. ਰਾਹੀਂ ਰੋਜ਼ਾਨਾ ਲੈਣ-ਦੇਣ ਦੀ ਗਿਣਤੀ ’ਤੇ ਕੋਈ ਪਾਬੰਦੀ ਨਹੀਂ ਹੈ। ਇਸ ਤੋਂ ਇਲਾਵਾ 2,000 ਰੁਪਏ ਤੱਕ ਦੇ ਮਰਚੈਂਟ ਯੂ.ਪੀ.ਆਈ. ਲੈਣ-ਦੇਣ ’ਤੇ ਐੱਮ.ਡੀ.ਆਰ. ਨਹੀਂ ਲੱਗੇਗਾ। ਛੋਟੇ ਵਪਾਰੀਆਂ, ਰੇਹੜੀ-ਫੜ੍ਹੀ ਵਾਲਿਆਂ, ਕਰਿਆਨਾ ਦੁਕਾਨਦਾਰਾਂ ਅਤੇ ਛੋਟੇ ਸੇਵਾ ਪ੍ਰਦਾਤਾਵਾਂ ਨੂੰ ਵੀ ਇਸ ਵਿਵਸਥਾ ਵਿਚ ਰਾਹਤ ਦਿੱਤੀ ਗਈ ਹੈ। ਯੂ.ਪੀ.ਆਈ. ਕਿਊ.ਆਰ ਰਾਹੀਂ ਮਹੀਨੇ ਵਿਚ 1 ਲੱਖ ਰੁਪਏ ਤੱਕ ਪ੍ਰਾਪਤ ਕਰਨ ਵਾਲੇ ਮਰਚੈਂਟ ਵੀ ਐੱਮ.ਡੀ.ਆਰ. ਤੋਂ ਬਾਹਰ ਰਹਿਣਗੇ। ਉਨ੍ਹਾਂ ਅਨੁਸਾਰ, 15 ਅਕਤੂਬਰ 2026 ਤੋਂ 2,000 ਰੁਪਏ ਤੋਂ ਵੱਧ ਦੇ ਕੁਝ ਮਰਚੈਂਟ ਲੈਣ-ਦੇਣ ’ਤੇ 0.4 ਫੀਸਦੀ ਐੱਮ.ਡੀ.ਆਰ. ਪ੍ਰਸਤਾਵਿਤ ਹੈ, ਜਿਸ ਦੀ ਵੱਧ ਤੋਂ ਵੱਧ ਹੱਦ ਪ੍ਰਤੀ ਲੈਣ-ਦੇਣ 300 ਰੁਪਏ ਹੋਵੇਗੀ। ਇਸ ਤਹਿਤ 3,000 ਰੁਪਏ ਦੇ ਲੈਣ-ਦੇਣ ’ਤੇ 12 ਰੁਪਏ ਅਤੇ ₹50,000 ਰੁਪਏ ਦੇ ਲੈਣ-ਦੇਣ ’ਤੇ 200 ਰੁਪਏ ਐੱਮ.ਡੀ.ਆਰ. ਬਣੇਗਾ। ਈਧਨ, ਰੇਲਵੇ, ਦੂਰਸੰਚਾਰ, ਬੀਮਾ ਅਤੇ ਖੇਤੀਬਾੜੀ ਇਨਪੁੱਟ ਵਰਗੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਕੁਝ ਖੇਤਰਾਂ ਵਿਚ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ 0.4 ਫੀਸਦੀ ਦੀ ਥਾਂ 5 ਰੁਪਏ ਦਾ ਫਲੈਟ ਐੱਮ.ਡੀ.ਆਰ. ਲਾਗੂ ਹੋਣ ਦੀ ਗੱਲ ਕਹੀ ਗਈ ਹੈ।