ਰਾਜਬੀਰ ਸਿੰਘ ਘੁੰਮਣ ਨੇ ਸੀ.ਬੀ.ਆਈ. ਦੀ ਐਫ਼.ਆਈ.ਆਰ. ਤੇ ਘਰ ਦੀ ਤਲਾਸ਼ੀ ਨੂੰ ਹਾਈ ਕੋਰਟ ’ਚ ਦਿੱਤੀ ਚੁਣੌਤੀ
ਚੰਡੀਗੜ੍ਹ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਵਿਸ਼ੇਸ਼ ਡਿਊਟੀ ਅਫ਼ਸਰ (ਓ.
ਚੰਡੀਗੜ੍ਹ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਵਿਸ਼ੇਸ਼ ਡਿਊਟੀ ਅਫ਼ਸਰ (ਓ.ਐੱਸ.ਡੀ.) ਵਜੋਂ ਤਾਇਨਾਤ ਰਾਜਬੀਰ ਸਿੰਘ ਘੁੰਮਣ ਨੇ ਆਪਣੇ ਖ਼ਿਲਾਫ਼ ਸੀ.ਬੀ.ਆਈ. ਵਲੋਂ ਦਰਜ ਐੱਫ.ਆਈ.ਆਰ. ਤੇ ਸੰਗਰੂਰ ਦੇ ਪਿੰਡ ਘਰਾਚੋਂ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਕੀਤੀ ਤਲਾਸ਼ੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਪਟੀਸ਼ਨ ਵਿਚ ਘੁੰਮਣ ਨੇ ਦਲੀਲ ਦਿੱਤੀ ਹੈ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17-ਏ ਤਹਿਤ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਲਾਜ਼ਮੀ ਅਗੇਤੀ ਮਨਜ਼ੂਰੀ ਨਹੀਂ ਲਈ ਗਈ । ਉਨ੍ਹਾਂ ਮੁਤਾਬਕ ਮਾਮਲਾ ਉਨ੍ਹਾਂ ਦੇ ਸਰਕਾਰੀ ਕੰਮਕਾਜ ਤੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ ਨਾਲ ਸਬੰਧਿਤ ਕਥਿਤ ਫ਼ੈਸਲਿਆਂ ਨਾਲ ਜੁੜਿਆ ਹੈ, ਜਿਸ ਕਾਰਨ ਧਾਰਾ 17-ਏ ਦੀ ਸੁਰੱਖਿਆ ਲਾਗੂ ਹੁੰਦੀ ਹੈ। ਪਟੀਸ਼ਨ ਅਨੁਸਾਰ 5 ਅਕਤੂਬਰ 2026 ਨੂੰ ਹਾਈ ਕੋਰਟ ਦੇ ਇਕ ਬੈਂਚ ਨੇ ਸੀ.ਬੀ.ਆਈ. ਨੂੰ ਐੱਫ.ਆਈ.ਆਰ. ਦਰਜ ਕਰਕੇ ਜਾਂਚ ਅੱਗੇ ਵਧਾਉਣ ਦੇ ਹੁਕਮ ਦਿੱਤੇ ਸਨ । ਉਸੇ ਦਿਨ ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾ-2, ਨਵੀਂ ਦਿੱਲੀ ਨੇ ਮਾਮਲਾ ਦਰਜ ਕੀਤਾ ਅਤੇ 6 ਅਕਤੂਬਰ ਨੂੰ ਵਿਸ਼ੇਸ਼ ਅਦਾਲਤ ਤੋਂ ਤਲਾਸ਼ੀ ਵਾਰੰਟ ਲੈ ਕੇ ਘੁੰਮਣ ਦੀ ਰਿਹਾਇਸ਼ ਦੀ ਤਲਾਸ਼ੀ ਲਈ । ਘੁੰਮਣ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਐੱਫ.ਆਈ.ਆਰ. ਰੱਦ ਕਰਨ, ਤਲਾਸ਼ੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਅਤੇ ਅਗਲੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।