ਜੈਪੁਰ, 2 ਨਵੰਬਰ (ਪੀ.ਟੀ.ਆਈ.) - ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਵਿਚ ਸੋਮਵਾਰ ਨੂੰ ਸੜਕ ਨਿਰਮਾਣ ਦੇ ਕੰਮ ਦੌਰਾਨ ਵਰਤੀ ਜਾ ਰਹੀ ਇੱਕ ਮਸ਼ੀਨ ਦੇ ਬਿਜਲੀ ਦੀ ਤਾਰ ਨਾਲ ਛੂਹ ਜਾਣ ਕਾਰਨ ਅੱਠ ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਪੰਜ ਹੋਰ ਲੋਕ ਝੁਲਸ ਗਏ ਹਨ। ਇਹ ਹਾਦਸਾ ਉਦੈਪੁਰਵਾਟੀ ਥਾਣਾ ਖੇਤਰ ਅਧੀਨ ਆਉਂਦੇ ਛਪੋਲੀ ਪਿੰਡ ਵਿਚ ਵਾਪਰਿਆ, ਜਿੱਥੇ ਲੋਕਾਂ ਦੇ ਸਹਿਯੋਗ ਨਾਲ ਛਪੋਲੀ ਨੂੰ ਕਦਮਕੁੰਡ ਨਾਲ ਜੋੜਨ ਵਾਲੀ ਇੱਕ ਤੰਗ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ।ਉਦੈਪੁਰਵਾਟੀ ਦੇ ਐਸ.ਐਚ.ਓ. ਰਾਮਪਾਲ ਨੇ ਦੱਸਿਆ ਕਿ ਬਜਰੀ ਮਿਲਾਉਣ ਲਈ ਵਰਤੀ ਜਾ ਰਹੀ ਮਸ਼ੀਨ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ।