ਦਲਜੀਤ ਸਿੰਘ ਦਾ ਪਿੰਡ ਭੰਮੇ ਕਲਾਂ ਵਿਖੇ 9ਵੇਂ ਦਿਨ ਹੋਇਆ ਸਸਕਾਰ
ਭੈਣ ਨੇ ਦਿੱਤਾ ਅਰਥੀ ਨੂੰ ਮੋਢਾ, ਪਿਤਾ ਤੇ ਪੁੱਤਰ ਨੇ ਵਿਖਾਈ ਚਿਖਾ ਨੂੰ ਅਗਨੀ
ਮਾਨਸਾ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ (35) ਦਾ 9ਵੇਂ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 27 ਅਕਤੂਬਰ ਨੂੰ ਉਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ।
ਮਾਨਸਾ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ (35) ਦਾ 9ਵੇਂ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 27 ਅਕਤੂਬਰ ਨੂੰ ਉਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਮਾਮਲਾ ਉਦੋਂ ਵਧ ਗਿਆ ਸੀ ਜਦੋਂ ਉਸ ਦੀ ਮ੍ਰਿਤਕ ਦੇਹ ਨੂੰ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਚੱਲ ਰਹੇ ਧਰਨੇ ਵੱਲ ਲਿਆਂਦਾ ਜਾ ਰਿਹਾ ਸੀ ਤਾਂ ਪੁਲਿਸ ਵਲੋਂ ਰਾਮਦਿੱਤੇਵਾਲਾ ਚੌਂਕ ਵਿਖੇ ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਆਪਣੇ ਕਬਜ਼ੇ ’ਚ ਲੈ ਲਈ ਸੀ। ਉੱਚ ਅਦਾਲਤ ਵਲੋਂ ਮੁੜ ਪੀ.ਜੀ.ਆਈ. ਤੋਂ ਪੋਸਟਮਾਰਟਮ ਕਰਵਾਉਣ ਅਤੇ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਬੀਤੇ ਕੱਲ੍ਹ ਉਸ ਦੀ ਭੈਣ ਵਲੋਂ ਮੁੜ ਅਪੀਲ ਪਾਈ ਗਈ ਕਿ ਸਸਕਾਰ ਪਿੰਡ ’ਚ ਕੀਤਾ ਜਾਵੇ। ਅੱਜ ਮ੍ਰਿਤਕ ਦਾ ਪਿੰਡ ’ਚ ਹੀ ਸਸਕਾਰ ਕਰ ਦਿੱਤਾ ਗਿਆ। ਅਰਥੀ ਨੂੰ ਮੋਢਾ ਉਸ ਦੀ ਭੈਣ ਅਮਰਜੀਤ ਕੌਰ ਨੇ ਦਿੱਤਾ ਜਦਕਿ ਉਸ ਦੇ ਪਿਤਾ ਜਰਨੈਲ ਸਿੰਘ ਤੇ ਪੁੱਤਰ ਅਰਮਾਨ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਈ। ਅਦਾਲਤ ਦੇ ਆਦੇਸ਼ਾਂ ਮੁਤਾਬਿਕ ਕਿਸੇ ਵੀ ਰਾਜਨੀਤਿਕ ਪਾਰਟੀ ਤੇ ਜਨਤਕ ਜਥੇਬੰਦੀਆਂ ਦੇ ਆਗੂ ਇਸ ਰਸਮ ’ਚ ਸ਼ਾਮਿਲ ਨਹੀਂ ਹੋਏ ਬਲਕਿ ਪਿੰਡ ਵਾਸੀ ਤੇ ਮ੍ਰਿਤਕ ਦੇ ਰਿਸ਼ਤੇਦਾਰ ਸ਼ਾਮਲ ਸਨ। ਇਸੇ ਦੌਰਾਨ ਗ੍ਰਿਫ਼ਤਾਰ ਨੌਜਵਾਨ ਮਨਦੀਪ ਸਿੰਘ ਦੀ ਭੈਣ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਅਤੇ ਹੋਰ ਨੌਜਵਾਨਾਂ ਨੂੰ ਕਤਲ ਦੇ ਮਾਮਲੇ ’ਚ ਗਲਤ ਢੰਗ ਨਾਲ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ’ਚ ਪੂਰੀ ਘਟਨਾ ਰਿਕਾਰਡ ਹੋਈ ਹੈ, ਜਿਸ ’ਚ ਦਲਜੀਤ ਸਿੰਘ ਨਸ਼ੇ ਦਾ ਟੀਕਾ ਲਗਾਉਣ ਲਈ ਬਾਥਰੂਮ ’ਚ ਜਾਂਦਾ ਦਿਖਾਈ ਦੇ ਰਿਹਾ ਹੈ। ਦੂਸਰੇ ਪਾਸੇ ਇੱਕ ਅਜਿਹੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਦਲਜੀਤ ਸਿੰਘ ਦੀ ਨੌਜਵਾਨਾਂ ਨਾਲ ਬਹਿਸ ਬਾਜੀ ਹੋ ਰਹੀ ਹੈ।