ਸਾਊਦੀ ਅਰਬ ਨੇ ਪਾਕਿ ਲਈ 3 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੀ ਮਿਆਦ ਵਧਾਈ
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰ ਕੋਛੜ)-ਸਾਊਦੀ ਅਰਬ ਨੇ ਪਾਕਿਸਤਾਨ ਨੂੰ ਇਸੇ ਸਾਲ ਅਪ੍ਰੈਲ ਮਹੀਨੇ ’ਚ ਦਿੱਤੀ ਗਈ 3 ਅਰਬ ਡਾਲਰ ਦੀ ਵਿੱਤੀ ਸਹਾਇਤਾ ਸੁਵਿਧਾ ਦੀ ਮਿਆਦ ਇਕ ‘ਵਾਜਬ ਸਮੇਂ’ ਲਈ ਵਧਾ ਦਿੱਤੀ ਹੈ। ਪਾਕਿ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਸੰਸਦ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ।
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰ ਕੋਛੜ)-ਸਾਊਦੀ ਅਰਬ ਨੇ ਪਾਕਿਸਤਾਨ ਨੂੰ ਇਸੇ ਸਾਲ ਅਪ੍ਰੈਲ ਮਹੀਨੇ ’ਚ ਦਿੱਤੀ ਗਈ 3 ਅਰਬ ਡਾਲਰ ਦੀ ਵਿੱਤੀ ਸਹਾਇਤਾ ਸੁਵਿਧਾ ਦੀ ਮਿਆਦ ਇਕ ‘ਵਾਜਬ ਸਮੇਂ’ ਲਈ ਵਧਾ ਦਿੱਤੀ ਹੈ। ਪਾਕਿ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਸੰਸਦ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ। ਜਦੋਂ ਉਨ੍ਹਾਂ ਤੋਂ 31 ਅਕਤੂਬਰ ਨੂੰ ਖ਼ਤਮ ਹੋਈ ਇਸ ਸਹੂਲਤ ਦੀ ਨਵੀਂ ਮਿਆਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਇਹ ਕਿੰਨੇ ਸਮੇਂ ਲਈ ਹੈ, ਕਿਉਂਕਿ ਸਾਡੇ ਆਪਸੀ ਸੰਬੰਧ ਬੇਹੱਦ ਰਣਨੀਤਕ ਹਨ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਇਹ 3 ਅਰਬ ਡਾਲਰ ਦੀ ਸੁਵਿਧਾ ਅਪ੍ਰੈਲ ’ਚ ਦਿੱਤੀ ਸੀ, ਜਿਸ ਤੋਂ ਪਹਿਲਾਂ ਪਾਕਿ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 3.5 ਅਰਬ ਡਾਲਰ ਵਾਪਸ ਕੀਤੇ ਸਨ। ਸ਼ੁਰੂਆਤ ’ਚ ਇਹ ਸਹੂਲਤ ਤਿੰਨ ਮਹੀਨਿਆਂ ਲਈ ਦਿੱਤੀ ਗਈ ਸੀ। ਵਿੱਤ ਮੰਤਰੀ ਔਰੰਗਜ਼ੇਬ ਨੇ ਇਹ ਵੀ ਦੱਸਿਆ ਕਿ ਸਾਊਦੀ ਅਰਬ ਵਲੋਂ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਦਿੱਤੀ ਗਈ 5 ਅਰਬ ਡਾਲਰ ਦੀ ਇਕ ਹੋਰ ਸਹਾਇਤਾ ਦੀ ਮਿਆਦ ਪਹਿਲਾਂ ਹੀ 2028 ਤੱਕ ਵਧਾਈ ਜਾ ਚੁੱਕੀ ਹੈ। ਅਮਰੀਕਾ ਤੋਂ ਮੰਗੀ ਗਈ 10 ਅਰਬ ਡਾਲਰ ਦੀ ਐਕਸਚੇਂਜ ਸਟੈਬੀਲਾਈਜ਼ੇਸ਼ਨ ਸਪੋਰਟ ਫੈਸਿਲਿਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਪਾਕਿ ਦਾ ਮੁੱਖ ਮਕਸਦ ਬਾਜ਼ਾਰ ਤੱਕ ਪਹੁੰਚ ਬਣਾਉਣਾ ਸੀ, ਜੋ ਹਾਸਿਲ ਹੋ ਚੁੱਕੀ ਹੈ।