ਰਾਜਧਾਨੀ ਦਿੱਲੀ ’ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸੀ.ਏ.ਕਿਊ.ਐਮ.ਦੀ ਟੀਮ ਪੁੱਜੀ ਪੰਜਾਬ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ, ਪਰਾਲੀ ਪ੍ਰਬੰਧਨ ਦਾ ਲਿਆ ਜਾਇਜ਼ਾ
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਦਿੱਲੀ-ਐਨ. ਸੀ.
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਦਿੱਲੀ-ਐਨ.ਸੀ.ਆਰ. ਵਿਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਅਤੇ ਵਧ ਰਹੇ ਪ੍ਰਦੂਸ਼ਣ ਦੇ ਵਿਚਕਾਰ ਕੇਂਦਰ ਸਰਕਾਰ ਵਲੋਂ ਗਠਿਤ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਟੀਮ ਪੰਜਾਬ ਪਹੁੰਚੀ ਹੈ। ਟੀਮਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾ ਕੇ ਪਰਾਲੀ ਪ੍ਰਬੰਧਨ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸੀ.ਏ.ਕਿਊ.ਐਮ ਦੀ ਟੀਮ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਪਹੁੰਚੀ, ਜਿੱਥੇ ਅਧਿਕਾਰੀਆਂ ਵਲੋਂ ਵੱਖ-ਵੱਖ ਥਾਵਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦੀ ਜ਼ਮੀਨੀ ਹਕੀਕਤ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ਪਰਾਲੀ ਦੇ ਨਿਪਟਾਰੇ ਲਈ ਵਰਤੀ ਜਾ ਰਹੀ ਮਸ਼ੀਨਰੀ, ਇਨ-ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ ਦੇ ਤਰੀਕਿਆਂ ਅਤੇ ਇਸ ਪ੍ਰਕਿਰਿਆ ਦੌਰਾਨ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਸੀ.ਏ.ਕਿਊ.ਐਮ ਦੇ ਸੀਨੀਅਰ ਅਧਿਕਾਰੀ ਡਾ. ਟੀ.ਐੱਸ. ਪਵਾਰ ਨੇ ਦੱਸਿਆ ਕਿ ਦਿੱਲੀ-ਐਨ.ਸੀ . ਆਰ ਵਿਚ ਪ੍ਰਦੂਸ਼ਣ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਪਰਾਲੀ ਸਾੜਨਾ ਵੀ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਟੀਮ ਵਲੋਂ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨਾਂ ਦੇ ਨਾਲ-ਨਾਲ ਪੰਜਾਬ ਵਿਚ ਪਰਾਲੀ ਪ੍ਰਬੰਧਨ ਦੀ ਸਥਿਤੀ ਦਾ ਵੀ ਬਾਰੀਕੀ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ। ਟੀਮ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ-ਸੀਟੂ ਅਤੇ ਐਕਸ-ਸੀਟੂ ਤਰੀਕਿਆਂ ਰਾਹੀਂ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ, ਐੱਸ.ਡੀ.ਐਮ.ਫ਼ਾਜ਼ਿਲਕਾ ਜੁਗਰਾਜ ਸਿੰਘ ਕਾਹਲੋਂ, ਐੱਸ. ਡੀ. ਐਮ. ਜਲਾਲਾਬਾਦ ਕੰਵਲਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ.ਕੁਲਵੰਤ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਧੰਜੂ ਆਦਿ ਹਾਜ਼ਰ ਸਨ। ਉੱਧਰ ਫ਼ਾਜ਼ਿਲਕਾ ਦੇ ਸੇਮ ਪ੍ਰਭਾਵਿਤ ਪਿੰਡ ਢਿੱਪਾਂ ਵਾਲੀ ਅਤੇ ਹੋਰਾਂ ਪਿੰਡਾਂ ਦੇ ਕਿਸਾਨਾਂ ਦੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿਚ ਜ਼ਮੀਨ ਹੇਠਾਂ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੋਣ ਕਾਰਨ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾਉਣਾ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਪਾਣੀ ਦੀ ਵਧੇਰੇ ਮਾਤਰਾ ਕਾਰਨ ਖੇਤਾਂ ਵਿਚ ਟਰੈਕਟਰ ਅਤੇ ਹੋਰ ਮਸ਼ੀਨਰੀ ਫਸ ਜਾਂਦੀ ਹੈ, ਜਿਸ ਕਾਰਨ ਪਰਾਲੀ ਪ੍ਰਬੰਧਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ।