ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਤੇ ਈ.ਟੀ.ਓ. ਦੀਆਂ ਡਿਗਰੀਆਂ ਦੀ ਹੋਈ ਪੜਤਾਲ
ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਆਬਕਾਰੀ ਤੇ ਕਰ ਵਿਭਾਗ ’ਚ ਡਿਸਟੈਂਸ ਐਜੂਕੇਸ਼ਨ ਰਾਹੀਂ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ 30 ਇੰਸਪੈਕਟਰਾਂ ਤੇ ਈ. ਟੀ.
ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਆਬਕਾਰੀ ਤੇ ਕਰ ਵਿਭਾਗ ’ਚ ਡਿਸਟੈਂਸ ਐਜੂਕੇਸ਼ਨ ਰਾਹੀਂ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ 30 ਇੰਸਪੈਕਟਰਾਂ ਤੇ ਈ.ਟੀ.ਓ. ਦੀਆਂ ਅੱਜ ਵਧੀਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ (ਪ੍ਰਸ਼ਾਸਨ) ਵਲੋਂ ਚੈਕਿੰਗ ਕੀਤੀ ਗਈ। ਪਤਾ ਲੱਗਾ ਹੈ ਕਿ ਅੱਜ ਉਕਤ 30 ਇੰਸਪੈਕਟਰ ਤੇ ਈ.ਟੀ.ਓ. ਆਪਣੇ ਕਾਗ਼ਜ਼ਾਂ ਅਤੇ ਵਕੀਲਾਂ ਸਮੇਤ ਵਿਭਾਗ ’ਚ ਪਹੁੰਚੇ ਸੀ। ਜਿਨ੍ਹਾਂ ਦੇ ਦਸਤਾਵੇਜ਼ ਵਧੀਕ ਕਮਿਸ਼ਨਰ ਦੀ ਮੌਜੂਦਗੀ ’ਚ ਦੇਖੇ ਗਏ ਹਨ। 30 ਹੋਰ ਇੰਸਪੈਕਟਰਾਂ ਦੀਆਂ ਗਰੈਜੂਏਸ਼ਨ ਦੀਆਂ ਡਿਗਰੀਆਂ ਦੀ ਚੈਕਿੰਗ ਕੱਲ੍ਹ ਕੀਤੀ ਜਾਵੇਗੀ। ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਇੰਸਪੈਕਟਰਾਂ ਦੀਆਂ ਡਿਗਰੀਆਂ ਗੈਰਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਲਈਆਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਮੁੜ ਤੋਂ ਉਸੇ ਆਸਾਮੀ ’ਤੇ ਤੈਨਾਤ ਕੀਤਾ ਜਾਵੇਗਾ ਜਿਸ ਤੋਂ ਉਨ੍ਹਾਂ ਨੂੰ ਇਨ੍ਹਾਂ ਡਿਗਰੀਆਂ ਸਹਾਰੇ ਤਰੱਕੀ ਮਿਲੀ ਸੀ ਪਰ ਹਾਲੇ ਤਕ ਇਸ ਸੰਬੰਧੀ ਕਿਸੇ ਵੀ ਅਧਿਕਾਰੀ ਨੇ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਕਿ ਕਿੰਨੇ ਇੰਸਪੈਕਟਰਾਂ ਦੀਆਂ ਡਿਗਰੀਆਂ ਦਰੁਸਤ ਪਾਈਆਂ ਗਈਆਂ ਹਨ ਜਾਂ ਨਹੀਂ ਇਹ ਤਾਂ ਵਿਭਾਗ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਵਿਭਾਗੀ ਪੜਤਾਲ ਚੱਲ ਰਹੀ ਹੈ-ਵਧੀਕ ਕਮਿਸ਼ਨਰ ਇਸ ਸੰਬੰਧੀ ਵਧੀਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ (ਪ੍ਰਸ਼ਾਸਨ) ਈਸ਼ਾ ਸਿੰਘਲ ਨੇ ਦੱਸਿਆ ਕਿ ਵਿਭਾਗ ਦੇ 60 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ 2 ਗਰੁੱਪਾਂ ’ਚ ਬੁਲਾਇਆ ਗਿਆ ਸੀ। ਇਸ ਮਾਮਲੇ ’ਚ ਉਹ ਆਪਣਾ ਪੱਖ ਰੱਖ ਰਹੇ ਹਨ ਤੇ ਵਿਭਾਗ ਇਸ ਮਾਮਲੇ ਦੀ ਅੰਦਰੂਨੀ ਪੜਤਾਲ ਕਰ ਰਿਹਾ ਹੈ ਅਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਮਾਮਲੇ ਸੰਬੰਧੀ ਹੋਰ ਕੁੱਝ ਦੱਸਿਆ ਜਾ ਸਕਦਾ ਹੈ।