ਈ.ਡੀ. ਵਲੋਂ ਮੋਗਾ ਦੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇਮਾਰੀ ਮਾਮਲੇ ’ਚ ਵੱਡੇ ਖੁਲਾਸੇ
ਸਰਕਾਰੀ ਜ਼ਮੀਨਾਂ ਦੇ ਰਿਕਾਰਡ ’ਚ ਹੇਰਾਫੇਰੀ ਕਰ ਕੇ 1 ਕਰੋੜ ਤੋਂ ਵੱਧ ਦਾ ਮੁਆਵਜ਼ਾ ਹੜੱਪਣ ਦੇ ਦੋਸ਼
ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵਲੋਂ ਮੋਗਾ ਦੀ ਵਿਧਾਇਕ ਡਾ.
ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨਾਲ ਜੁੜੇ ਸੱਤ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਦੌਰਾਨ ਸਰਕਾਰੀ ਜ਼ਮੀਨਾਂ ਦੇ ਰਿਕਾਰਡ ਵਿਚ ਹੇਰਾਫੇਰੀ, ਮੁਆਵਜ਼ੇ ਦੀ ਰਕਮ ਹੜੱਪਣ ਅਤੇ ਕਈ ਸਰਕਾਰੀ ਜ਼ਮੀਨਾਂ ਦੀ ਕਥਿਤ ਨਾਜਾਇਜ਼ ਖਰੀਦੋ-ਫਰੋਖ਼ਤ ਸੰਬੰਧੀ ਅਹਿਮ ਖੁਲਾਸੇ ਕੀਤੇ ਗਏ ਹਨ। ਈ.ਡੀ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿੰਡ ਅਦਰਾਮਨ, ਜ਼ਿਲ੍ਹਾ ਮੋਗਾ ਵਿਖੇ ਨੈਸ਼ਨਲ ਹਾਈਵੇਅ-754 (ਏ) ਲਈ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਜੋਂ 1,00,65,724 ਰੁਪਏ ਗਲਤ ਤਰੀਕੇ ਨਾਲ ਜਾਰੀ ਕਰਵਾਏ ਗਏ। ਇਹ ਰਕਮ ਦਿਲਖੁਸ਼ ਕੁਮਾਰੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋਈ, ਜਿਸ ਨੂੰ ਬਾਅਦ ਵਿਚ ਬੈਂਕ ਵਲੋਂ ਫ੍ਰੀਜ਼ ਕਰ ਦਿੱਤਾ ਗਿਆ। ਈਡੀ ਅਨੁਸਾਰ ਇਸ ਵਿਚ ਮਹਿਲਾ ਵਿਧਾਇਕ, ਉਨ੍ਹਾਂ ਦੇ ਪਤੀ ਅਤੇ ਹੋਰ ਸਾਥੀਆਂ ਦੀ ਕਥਿਤ ਭੂਮਿਕਾ ਸਾਹਮਣੇ ਆਈ ਹੈ। ਜਾਂਚ ਦੌਰਾਨ ਮੋਗਾ ਅਤੇ ਹੋਰ ਥਾਵਾਂ ’ਤੇ ਕੇਂਦਰ ਤੇ ਪੰਜਾਬ ਸਰਕਾਰ, ਮਾਰਕੀਟ ਕਮੇਟੀ ਅਤੇ ਨਗਰ ਨਿਗਮ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ, ਖਰੀਦੋ-ਫਰੋਖ਼ਤ ਅਤੇ ਜਾਇਦਾਦਾਂ ਰਿਸ਼ਤੇਦਾਰਾਂ ਤੇ ਸਾਥੀਆਂ ਦੇ ਨਾਂਅ ਕਰਵਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ ਵਿਚ ਜ਼ੀਰਾ ਰੋਡ ’ਤੇ 13 ਮਰਲੇ ਕੇਂਦਰੀ ਸਰਕਾਰ ਦੀ ਜ਼ਮੀਨ, ਸਿਵਲ ਲਾਈਨਜ਼ ਵਿਚ ਪੰਜਾਬ ਸਰਕਾਰ ਦੀ 7 ਮਰਲੇ ਜ਼ਮੀਨ, ਰੇਲਵੇ ਰੋਡ ’ਤੇ ਮਾਰਕੀਟ ਕਮੇਟੀ ਦੀ 6 ਮਰਲੇ ਜ਼ਮੀਨ ਅਤੇ ਮੋਗਾ ਵਿੱਚ ਨਗਰ ਨਿਗਮ ਦੀ 3 ਕਨਾਲ 16 ਮਰਲੇ ਜ਼ਮੀਨ ਸ਼ਾਮਲ ਹੈ। ਇਸ ਤੋਂ ਇਲਾਵਾ ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਦੀ 52 ਮਰਲੇ ਜ਼ਮੀਨ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਈਡੀ ਨੇ ਆਪਣੇ ਪ੍ਰੈਸ ਨੋਟ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਗਮੁਲਹਾਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਲਾਜ਼ਮੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਸਿਗਨੀਫਾਈ ਇਨੋਵੇਸ਼ਨਜ਼ ਇੰਡੀਆ ਲਿਮਟਿਡ ਨੂੰ 27.50 ਕਰੋੜ ਰੁਪਏ ਅਦਾ ਕੀਤੇ ਗਏ ਸਨ। ਇਸ ਤੋਂ ਇਲਾਵਾ ਇਕ ਹੋਰ ਕੰਪਨੀ ਵਿਚ ਹਿੱਸੇਦਾਰੀ ਅਤੇ ਜ਼ਮੀਨੀ ਸੌਦਿਆਂ ਵਿਚ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। 4 ਨਵੰਬਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਈਡੀ ਨੇ ਮੋਬਾਈਲ ਫੋਨ, ਡਿਜੀਟਲ ਉਪਕਰਨ, ਜਾਇਦਾਦਾਂ ਦੇ ਦਸਤਾਵੇਜ਼ ਅਤੇ ਹੋਰ ਇਤਰਾਜ਼ਯੋਗ ਰਿਕਾਰਡ ਜ਼ਬਤ ਕੀਤੇ ਹਨ। ਜਾਂਚ ਏਜੰਸੀ ਅਨੁਸਾਰ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।