ਚੋਣ ਕਮਿਸ਼ਨ ਤੋਂ ਸਵਾਲ ਪੁੱਛਣ ਦੀ ਇਜਾਜ਼ਤ ਮੰਗਣ ਲਈ ‘ਇੰਡੀਆ ਬਲਾਕ’ ਵਲੋਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਨਵੀਂ ਦਿੱਲੀ, 16 ਨਵੰਬਰ (ਉਪਮਾ ਡਾਗਾ ਪਾਰਥ)- ‘ਇੰਡੀਆ ਬਲਾਕ’ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਅਤੇ ਕਮਿਸ਼ਨ ਦੇ ਆਈ. ਟੀ.
ਨਵੀਂ ਦਿੱਲੀ, 16 ਨਵੰਬਰ (ਉਪਮਾ ਡਾਗਾ ਪਾਰਥ)- ‘ਇੰਡੀਆ ਬਲਾਕ’ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਅਤੇ ਕਮਿਸ਼ਨ ਦੇ ਆਈ.ਟੀ. ਡਾਇਰੈਕਟਰ ਜਨਰਲ ਤੋਂ ਨਿੱਜੀ ਤੌਰ ’ਤੇ ਪੁੱਛਗਿੱਛ ਦੀ ਇਜਾਜ਼ਤ ਮੰਗੀ ਹੈ। ਇਸ ਸੰਬੰਧ ’ਚ ਇੰਡੀਆ ਬਲਾਕ ਨੇ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਹੈ। ਕਾਂਗਰਸ ਨੇ ‘ਵੋਟ ਚੋਰੀ’ ਨੂੰ ਲੈ ਕੇ ਚੋਣ ਕਮਿਸ਼ਨ ਤੋਂ 48 ਸਵਾਲ ਪੁੱਛੇ ਹਨ ਅਤੇ ਕਿਹਾ ਹੈ ਕਿ ਕਮਿਸ਼ਨ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੀ ਪਏਗਾ। ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਕਤ ਸਵਾਲ ਜਨਤਕ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ’ਚ ਦਾਇਰ ਆਪਣੇ ਹਲਫ਼ਨਾਮੇ ’ਚ ‘ਵੋਟ ਚੋਰੀ’ ਨੂੰ ਲੈ ਕੇ ਚੁੱਕੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਲਈ ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਹੁਣ ਸੁਪਰੀਮ ਕੋਰਟ ਤੋਂ ਇਜਾਜ਼ਤ ਮੰਗੀ ਹੈ ਕਿ ਉਹ ਚੋਣ ਕਮਿਸ਼ਨ (ਜਿਸ ’ਚ ਮੁੱਖ ਚੋਣ ਕਮਿਸ਼ਨਰ ਅਤੇ ਦੋਵੇਂ ਚੋਣ ਕਮਿਸ਼ਨਰ ਨਿੱਜੀ ਤੌਰ ’ਤੇ ਸ਼ਾਮਿਲ ਹਨ) ਦੇ ਨਾਲ-ਨਾਲ ਆਈ.ਟੀ. ਡਾਇਰੇਕਟੋਰੇਟ ਤੋਂ ਸਵਾਲ ਪੁੱਛ ਸਕਣ। ਇਹ ਸਵਾਲ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਅਮਲ ’ਚ ਹੋਈਆਂ ਭਾਰੀ ਖਾਮੀਆਂ ਬਾਰੇ ਹਨ, ਜਿਸ ਨਾਲ ਵੋਟ ਚੋਰੀ ਦਾ ਰਾਹ ਖੁੱਲ੍ਹ ਗਿਆ ਹੈ। ਸਵਾਲਾਂ ਦੀ ਸੂਚੀ ’ਚ ਪੁੱਛਿਆ ਗਿਆ ਕਿ ਦੇਸ਼ਵਿਆਪੀ ਐਸ.ਆਈ.ਆਰ. ਕਰਨ, ਫਾਰਮ 6 ’ਚ ਬਦਲਾਅ ਕਰਨ ਅਤੇ ਈ. ਆਰ. ਓ. ਐਨ. ਈ. ਟੀ. ਅਤੇ ਈ. ਸੀ. ਆਈ. ਐਨ. ਈ. ਟੀ. ਦਾ ਕੇਂਦਰੀਕਰਨ ਕਰਨ ਦਾ ਫ਼ੈਸਲਾ ਕਿਸਨੇ ਲਿਆ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਕਿ ਕਿੰਨੇ ਫ਼ੈਸਲਿਆਂ ’ਤੇ ਬਾਕੀ ਦੇ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਨਾਲ ਸਹਿਮਤ ਨਹੀਂ ਸਨ। ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਕਮਿਸ਼ਨ ਦੇ ਹਲਫ਼ਨਾਮੇ ’ਚ ਇਲੈਕਟ੍ਰਾਨਿਕ ਢੰਗ ਦੇ ਆਈ.ਪੀ. ਐਡਰੈੱਸ ਅਤੇ ਹੋਰ ਤਕਨੀਕੀ ਰਿਕਾਰਡ ਸ਼ਾਮਿਲ ਨਹੀਂ ਕੀਤੇ ਗਏ, ਜੋ ਤੱਥਾਂ ਨੂੰ ਛੁਪਾਉਣ ਦੇ ਸੰਕੇਤ ਦਿੰਦੇ ਹਨ।